ਕੇਂਦਰ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਦਾ ਲੋਕਾਂ ਨੇ ਡਟ ਕੇ ਜਵਾਬ ਦਿੱਤਾ : ਸੰਤੋਸ਼ ਚੌਧਰੀ

10/17/2017 2:47:56 PM

ਹੁਸ਼ਿਆਰਪੁਰ(ਘੁੰਮਣ)— ਕੇਂਦਰ ਦੀ ਮੋਦੀ ਸਰਕਾਰ ਨੇ ਝੂਠੇ ਲਾਰਿਆਂ ਨਾਲ ਆਪਣੀ ਸਰਕਾਰ ਬਣਾਈ ਅਤੇ ਸੱਤਾ 'ਚ ਆ ਕੇ ਲੋਕ ਵਿਰੋਧੀ ਫੈਸਲੇ ਲਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ ਨੇ ਇਕ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਨੋਟਬੰਦੀ ਕਰ ਕੇ ਵੱਡਾ ਝਟਕਾ ਦਿੱਤਾ ਗਿਆ, ਜਿਸ ਦਾ ਦੇਸ਼ ਨੂੰ ਕੋਈ ਲਾਭ ਨਹੀਂ ਹੋਇਆ ਅਤੇ ਸਿਰਫ ਅਮੀਰ ਘਰਾਣਿਆਂ ਨੇ ਹੀ ਇਸ ਦਾ ਲਾਭ ਉਠਾਇਆ। ਆਮ ਲੋਕਾਂ ਨੂੰ ਪੈਸੇ ਲੈਣ ਲਈ ਲਾਈਨਾਂ ਵਿਚ ਲੱਗ ਕੇ ਪਰੇਸ਼ਾਨੀ ਝੱਲਣੀ ਪਈ ਅਤੇ ਹੁਣ ਇਕ ਹੋਰ ਤੁਗਲਕੀ ਫਰਮਾਨ ਜੀ. ਐੱਸ. ਟੀ. ਲਾ ਕੇ ਸਾਰੇ ਕਾਰੋਬਾਰ ਠੱਪ ਕਰਕੇ ਰੱਖ ਦਿੱਤੇ ਹਨ। ਅੱਜ ਵਪਾਰੀ ਅਤੇ ਆਮ ਲੋਕ ਇਸ ਦੀ ਮਾਰ ਝੱਲ ਰਹੇ ਹਨ ਪਰ ਇਹ ਸਰਕਾਰ ਲੋਕ ਵਿਰੋਧੀ ਫੈਸਲੇ ਲੈਣ ਤੋਂ ਸਿਵਾਏ ਕੋਈ ਕੰਮ ਨਹੀਂ ਕਰ ਰਹੀ। ਇਸ ਕਰਕੇ ਗੁਰਦਾਸਪੁਰ 'ਚ ਅਕਾਲੀ-ਭਾਜਪਾ ਨੂੰ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ। ਲੋਕਾਂ ਨੇ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਨਕਾਰਿਆ ਹੈ। 
ਚੌਧਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਅੰਦਰ 10 ਸਾਲ ਲੋਕਾਂ ਨਾਲ ਧੱਕੇਸ਼ਾਹੀਆਂ ਕੀਤੀਆਂ, ਝੂਠੇ ਪਰਚੇ ਦਰਜ ਕਰਵਾਏ ਅਤੇ ਲੋਕ ਅੱਜ ਉਨ੍ਹਾਂ ਨੂੰ ਮੂੰਹ ਨਹੀਂ ਲਾ ਰਹੇ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਜੋ ਆਮ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ, ਉਸ ਨੂੰ ਪੂਰਾ ਕਰਨ 'ਚ ਤਰਜੀਹ ਦੇ ਰਹੇ ਹਨ ਅਤੇ ਅੱਜ ਪੰਜਾਬ 'ਚ ਅਮਨ-ਅਮਾਨ ਦੀ ਸਥਿਤੀ ਹੈ ਅਤੇ ਇਸ ਸਰਕਾਰ ਤੋਂ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ।


Related News