ਸਾਬਕਾ ਭਾਜਪਾ ਨੇਤਾ ਨੂੰ ਮੋਹਾਲੀ ਪੁਲਸ ਨੇ ਕੀਤਾ ਗ੍ਰਿਫਤਾਰ

08/17/2017 9:46:17 PM

ਗੁਰਦਾਸਪੁਰ (ਵਿਨੋਦ) — ਜ਼ਿਲਾ ਗੁਰਦਾਸਪੁਰ ਨਾਲ ਸੰਬੰਧਿਤ ਇਕ ਸਾਬਕਾ ਭਾਜਪਾ ਆਗੂ ਨੂੰ ਮੋਹਾਲੀ ਪੁਲਸ ਨੇ ਇਕ ਕੇਸ 'ਚ ਉਸ ਸਮੇਂ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਜਦ ਕਿਸੇ ਹੋਰ ਕੇਸ 'ਚ ਮੋਹਾਲੀ ਦੀ ਇਕ ਅਦਾਲਤ 'ਚ ਪੇਸ਼ੀ ਭੁਗਤਣ ਲਈ ਆਇਆ ਹੋਇਆ ਸੀ।
ਜਿਸ ਕੇਸ ਤਹਿਤ ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਉਸ ਕੇਸ 'ਚ ਭਾਜਪਾ ਨੇਤਾ ਨੂੰ ਅਦਾਲਤ ਵਲੋਂ 3 ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਉਹ ਅਦਾਲਤ 'ਚੋਂ ਭੱਜ ਨਿਕਲਿਆ ਸੀ। ਪੀੜਤ ਅਮਨਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਨਿਵਾਸੀ ਪਿੰਡ ਛਾਪਿਆਂਵਾਲੀ ਜ਼ਿਲਾ ਮੁਕਤਸਰ ਨੇ ਦੱਸਿਆ ਕਿ ਦੋਸ਼ੀ ਆਗੂ ਸਮੇਤ ਉਸ ਦੇ ਸਾਥੀਆਂ  ਨੇ ਉਸ ਨਾਲ ਸਾਲ 2007 'ਚ ਇਹ ਕਹਿ ਕਿ 10 ਲੱਖ ਰੁਪਏ ਲਏ ਸਨ ਕਿ ਉਹ ਸਾਂਝੇ ਰੂਪ 'ਚ ਕਾਰੋਬਾਰ ਕਰਨਗੇ ਤੇ 18 ਮਹੀਨੇ 'ਚ ਰਕਮ ਦੁਗਣੀ ਹੋ ਜਾਵੇਗੀ ਪਰ ਬਾਅਦ 'ਚ ਉਸ ਨੇ ਰਕਮ ਦੇਣ ਤੋਂ ਹੀ ਇਨਕਾਰ ਕਰ ਦਿੱਤਾ ਤੇ ਆਪਣੇ ਸੁਰੱਖਿਆ ਕਰਮੀ ਦੀ ਮਦਦ ਨਾਲ ਉਸ ਨੂੰ ਧਮਕੀਆਂ ਦੇਣ ਲੱਗੇ।
ਪੀੜਤ ਨੇ ਇਸ ਦੀ ਸ਼ਿਕਾਇਤ ਮੋਹਾਲੀ ਪੁਲਸ ਸਟੇਸ਼ਨ 'ਚ ਦਿੱਤੀ ਤੇ ਲੰਬੀ ਜਾਂਚ ਤੋਂ ਬਾਅਦ ਉਕਤ ਨੇਤਾ ਸਮੇਤ 4 ਲੋਕਾਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ। ਇਸ ਕੇਸ ਦੀ ਅਦਾਲਤ 'ਚ ਸੁਣਵਾਈ ਦੇ ਬਾਅਦ 30 ਜਨਵਰੀ 2017 ਨੂੰ ਸਾਬਕਾ ਭਾਜਪਾ ਨੇਤਾ ਨੂੰ ਅਦਾਲਤ ਨੇ 3 ਸਾਲ ਦੀ ਸਜ਼ਾ ਸੁਣਾਈ ਸੀ ਪਰ ਉਹ ਅਦਾਲਤ 'ਚੋਂ ਖਿਸਕਣ 'ਚ ਕਾਮਯਾਬ ਹੋ ਗਏ ਸਨ। ਉਕਤ ਆਗੂ ਨੇ ਹੋਈ ਸਜ਼ਾ ਦੇ ਖਿਲਾਫ ਕੇਸ ਉੱਚ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ ਪਰ ਇਹ ਪਟੀਸ਼ਨ ਅਦਾਲਤ ਨੇ 15 ਮਾਰਚ 2017 ਨੂੰ ਖਾਰਜ ਕਰ ਦਿੱਤੀ। ਉਸ ਤੋਂ ਬਾਅਦ ਉਹ ਆਪਣੇ ਸਰਕਾਰੀ ਸੁਰੱਖਿਆ ਕਰਮੀਆਂ ਦੀ ਮਦਦ ਨਾਲ ਆਪਣੀ ਗ੍ਰਿਫਤਾਰੀ ਤੋਂ ਬਚਦਾ ਆ ਰਿਹਾ ਸੀ।
ਅੱਜ ਜਦ ਉਹ ਕਿਸੇ ਅਦਾਲਤ 'ਚ ਕਿਸੇ ਹੋਰ ਕੇਸ 'ਚ ਪੇਸ਼ੀ ਭੁਗਤਣ ਆਇਆ ਤਾਂ ਪੁਲਸ ਨੇ ਉਸ ਨੂੰ ਅਦਾਲਤ ਦੇ ਹੁਕਮ 'ਤੇ ਗ੍ਰਿਫਤਾਰ ਕਰ ਲਿਆ। ਅਦਾਲਤ ਨੇ ਸਾਬਕਾ ਭਾਜਪਾ ਨੇਤਾ ਨੂੰ ਜੇਲ ਭੇਜਣ ਦਾ ਹੁਕਮ ਸੁਣਾਇਆ। 


Related News