ਜੰਗਲਾਤ ਮੰਤਰੀ ਦੇ ਹਲਕੇ ''ਚ 5 ਦਹਾਕੇ ਪੁਰਾਣੇ ਨਿੰਮ ਦੇ ਹਰੇ-ਭਰੇ ਦਰੱਖਤ ਜੜ੍ਹੋਂ ਵੱਢੇ

08/16/2017 12:32:22 PM


ਨਾਭਾ(ਭੂਪਿੰਦਰ ਭੂਪਾ) - ਧਰਤੀ ਉੱਪਰ ਦਿਨੋ-ਦਿਨ ਵਧ ਰਹੀ ਗਰਮੀ ਤੋਂ ਰਾਹਤ ਹਾਸਲ ਕਰਨ ਦੇ ਮਨੋਰਥ ਨਾਲ ਆਮ ਲੋਕਾਂ ਨੂੰ ਸਰਕਾਰਾਂ ਵੱਲੋਂ ਦਰੱਖਤ ਲਾਉਣ ਲਈ ਪ੍ਰੇਰਿਆ ਜਾਂਦਾ ਰਿਹਾ ਹੈ। ਇਸੇ ਮਕਸਦ ਦੀ ਪ੍ਰਾਪਤੀ ਵਾਸਤੇ ਸੂਬੇ ਅੰਦਰ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਵੱਲੋਂ ਹਰ ਸਾਲ ਲੱਖਾਂ ਦਰੱਖਤ ਲਾਏ ਜਾਂਦੇ ਹਨ। ਅਜਿਹੇ ਵਿਚ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਵਿਧਾਨ ਸਭਾ ਹਲਕਾ ਨਾਭਾ ਸ਼ਹਿਰ ਦੇ ਮਹਾਰਾਜਾ ਹੀਰਾ ਸਿੰਘ ਪਾਰਕ ਦੁਲੱਦੀ ਗੇਟ ਵਿਖੇ ਲਗਭਗ 5 ਦਹਾਕੇ ਪੁਰਾਣੇ ਨਿੰਮ ਦੇ 2 ਵਿਸ਼ਾਲ ਹਰੇ ਭਰੇ ਦਰੱਖਤ ਜੜ੍ਹਾਂ ਤੋਂ ਵੱਢ ਦਿੱਤੇ ਗਏ ਹਨ। 
ਮਿਲੀ ਜਾਣਕਾਰੀ ਮੁਤਾਬਕ ਇਹ ਦੋ ਵਿਰਾਸਤੀ ਦਰੱਖਤਾਂ ਨੂੰ ਮਹਾਰਾਜਾ ਹੀਰਾ ਸਿੰਘ ਵੈੱਲਫੇਅਰ ਸੁਸਾਇਟੀ ਵੱਲੋਂ ਕੱਟਿਆ ਗਿਆ ਹੈ। ਕੁਦਰਤ ਪ੍ਰੇਮੀ ਅਤੇ ਸਵੇਰ ਦੀ ਸੈਰ ਕਰਨ ਵਾਲਿਆਂ ਸੱਜਣਾਂ ਦੇ ਮਨਾਂ ਨੂੰ ਇਸ ਕਾਰਨਾਮੇ ਕਾਰਨ ਭਾਰੀ ਠੇਸ ਪਹੁੰਚੀ ਹੈ। ਸ਼ਹਿਰ ਦੇ ਅਨੇਕਾਂ ਵਾਸੀਆਂ ਨੇ ਇਸ ਕੰਮ ਬਦਲੇ ਸੁਸਾਇਟੀ ਦੇ ਇਸ ਗਲਤ ਕੰਮ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਰੋਸ ਜ਼ਾਹਰ ਕੀਤਾ ਹੈ। ਇਸ ਮੌਕੇ ਪਵਨ ਕੁਮਾਰ ਬਾਂਸਲ (ਪ੍ਰਧਾਨ ਫੋਕਲ ਪੁਆਇੰਟ ਇੰਡ. ਨਾਭਾ) ਰਵੀ ਵਰਮਾ (ਰਵੀ ਜਿਊਲਰਜ਼) ਰਾਕੇਸ਼ ਸਿੰਗਲਾ, ਰਾਜ ਜਿਊਲਰਜ਼, ਪ੍ਰਭਜੀਤ ਸਿੰਘ (ਰਾਜਾ) ਅਨੂਪ ਕੁਮਾਰ, ਭੁਪਿੰਦਰ ਸਿੰਘ ਤੇ ਪੱਪੂ ਠੇਕੇਦਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੈਰ ਕਰਨ ਵਾਲੇ ਸ਼ਹਿਰ ਵਾਸੀ ਵੀ ਹਾਜ਼ਰ ਸਨ।


Related News