ਵਿਆਹ ਸਮਾਗਮ ''ਚ ਗੈਂਗਸਟਰ ਮੰਗਾ ਤੇ ਕੋਂਦੀ ਹੋਏ ਆਹਮੋ-ਸਾਹਮਣੇ, ਫਾਇਰਿੰਗ ''ਚ ਦੋਵਾਂ ਦੀ ਮੌਤ

12/11/2017 11:47:53 PM

ਅੰਮ੍ਰਿਤਸਰ (ਸੰਜੀਵ)— ਪਿੰਡ ਖਾਪੜਖੇੜੀ 'ਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਆਹਮੋ-ਸਾਹਮਣੇ ਹੋਏ ਦੋ ਗੈਂਗਸਟਰਾਂ ਮਨਪ੍ਰੀਤ ਸਿੰਘ ਮੰਗਾ ਅਤੇ ਹਰਵਿੰਦਰ ਸਿੰਘ ਕੋਂਦੀ ਨੇ ਇਕ ਦੂਜੇ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਦੌਰਾਨ ਦੋਵਾਂ ਦੀ ਹੀ ਮੌਤ ਹੋ ਗਈ। ਇਸ ਫਾਇਰਿੰਗ ਦੌਰਾਨ ਸਮਾਗਮ 'ਚ ਸ਼ਾਮਿਲ ਦੋ ਹੋਰ ਨੌਜਵਾਨ ਜ਼ਖ਼ਮੀ ਹੋਏ ਜਿਨ੍ਹਾਂ 'ਚ ਵਿਆਹ ਵਾਲੀ ਕੁੜੀ ਦਾ ਭਰਾ ਗੋਪੀ ਵੀ ਸ਼ਾਮਲ ਹੈ। ਮਨਪ੍ਰੀਤ ਵਿਆਹ 'ਚ ਇਕੱਲਾ ਹੀ ਸ਼ਾਮਿਲ ਹੋਇਆ ਸੀ ਜਦੋਂ ਕਿ ਕੋਂਦੀ ਪੂਰੀ ਤਿਆਰੀ ਨਾਲ ਅੱਪੜਿਆ ਸੀ। ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਮਨਪ੍ਰੀਤ ਵੀ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਲਈ ਆ ਰਿਹਾ ਹੈ। 
ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸ. ਐੱਸ. ਪੀ. ਪਰਮਪਾਲ ਸਿੰਘ ਪੁਲਸ ਫੋਰਸ  ਨਾਲ ਮੌਕੇ 'ਤੇ ਪੁੱਜੇ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।  
ਕੀ ਸੀ ਮਾਮਲਾ? 
ਪਿੰਡ ਖਾਪੜਖੇੜੀ ਦੇ ਰਹਿਣ ਵਾਲੇ ਗੋਪੀ ਦੀ ਭੈਣ ਦਾ ਵਿਆਹ ਸਮਾਰੋਹ ਖਾਸਾ ਰੋਡ 'ਤੇ ਸਥਿਤ ਇਕ ਰਿਜ਼ੋਰਟ 'ਚ ਚੱਲ ਰਿਹਾ ਸੀ, ਜਿਥੇ ਮਨਪ੍ਰੀਤ ਸਿੰਘ ਮੰਗਾ ਨਿਵਾਸੀ ਨੌਸ਼ਹਿਰਾ ਹਵੇਲੀਆਂ ਜੋ ਗੋਪੀ ਦਾ ਦੋਸਤ ਸੀ, ਸ਼ਾਮਲ ਹੋਣ ਲਈ ਆਇਆ ਹੋਇਆ ਸੀ। ਹਰਵਿੰਦਰ ਸਿੰਘ ਪਿੰਡ ਖਾਪੜਖੇੜੀ ਦਾ ਰਹਿਣ ਵਾਲਾ ਸੀ, ਜਿਸ ਨੂੰ ਵੀ ਵਿਆਹ ਦਾ ਸੱਦਾ ਮਿਲਿਆ ਹੋਇਆ ਸੀ ਜਦੋਂ ਮਨਪ੍ਰੀਤ ਦੁਪਹਿਰ 2 ਵਜੇ ਦੇ ਕਰੀਬ ਵਿਆਹ ਸਮਾਗਮ ਵਿਚ ਅੱਪੜਿਆ ਤਾਂ ਇਸ ਦੀ ਜਾਣਕਾਰੀ ਹਰਵਿੰਦਰ ਸਿੰਘ ਨੂੰ ਮਿਲ ਗਈ ਜਿਸ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਨੂੰ ਇਕੱਠਾ ਕੀਤਾ ਅਤੇ ਵਿਆਹ ਸਮਾਗਮ 'ਚ ਪੁੱਜ ਗਿਆ, ਜਿਥੇ ਆਹਮੋ-ਸਾਹਮਣੇ ਹੋਏ ਕੋਂਦੀ ਅਤੇ ਮੰਗਾ ਨੇ ਇਕ ਦੂਜੇ ਨੂੰ ਵੇਖਦੇ ਹੀ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਰਵਿੰਦਰ ਸਿੰਘ ਦੇ ਢਿੱਡ ਵਿਚ ਗੋਲੀ ਲੱਗਦੇ ਹੀ ਖੂਨ ਨਾਲ ਲਥਪਥ ਉਹ ਮੌਕੇ 'ਤੇ ਹੀ ਡਿੱਗ ਪਿਆ ਅਤੇ ਉਥੇ ਹੀ ਦਮ ਤੋੜ ਗਿਆ ਜਦੋਂ ਕਿ ਦਮ ਤੋੜਨ ਤੋਂ ਪਹਿਲਾਂ ਹਰਵਿੰਦਰ ਸਿੰਘ ਦੀ ਪਿਸਟਲ ਤੋਂ ਚੱਲੀ ਗੋਲੀ ਮਨਪ੍ਰੀਤ ਨੂੰ ਜ਼ਖ਼ਮੀ ਕਰ ਗਈ ਸੀ। ਅੰਨ੍ਹੇਵਾਹ ਫਾਇਰਿੰਗ ਹੁੰਦੇ ਵੇਖ ਵਿਆਹ ਸਮਾਗਮ ਵਿਚ ਭਾਜੜ ਜਿਹੀ ਮਚ ਗਈ ਅਤੇ ਮਹਿਮਾਨ ਆਪਣੀ ਜਾਨ ਬਚਾਉਣ ਲਈ ਬਾਹਰ ਵੱਲ ਭੱਜਣ ਲੱਗੇ। ਜ਼ਖ਼ਮੀ ਹੋਏ ਮਨਪ੍ਰੀਤ ਨੂੰ ਇਲਾਜ ਲਈ  ਇਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਗੋਲੀਬਾਰੀ ਦੇ ਦੌਰਾਨ ਵਿਆਹ ਵਾਲੀ ਕੁੜੀ ਦਾ ਭਰਾ ਗੋਪੀ ਵੀ ਗੰਭੀਰ ਜ਼ਖ਼ਮੀ ਹੋਇਆ।  
ਕੀ ਕਹਿਣਾ ਹੈ ਐੱਸ. ਐੱਸ. ਪੀ. ਦਾ 
ਐੱਸ. ਐੱਸ. ਪੀ. ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ 'ਚ ਮਰਨ ਵਾਲੇ ਦੋਹਾਂ ਨੌਜਵਾਨਾਂ ਵੱਲੋਂ ਆਮਣੇ-ਸਾਹਮਣੇ ਗੋਲੀ ਚਲਾਈ ਜਾਣ ਦੀ ਗੱਲ ਸਾਹਮਣੇ ਆਈ ਹੈ ਜਿਸ ਸਬੰਧ 'ਚ ਪੁਲਸ ਵੱਲੋਂ ਦੋਵਾਂ ਵਿਰੁੱਧ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ਾਂ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਭੇਜਿਆ ਗਿਆ ਹੈ। ਸਵੇਰੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪੀਆਂ ਜਾਣਗੀਆਂ।


Related News