ਚੱਲਦੀ ਕਾਰ ''ਚ ਲੱਗੀ ਅੱਗ

12/12/2017 5:00:40 AM

ਕੋਟਕਪੂਰਾ, (ਨਰਿੰਦਰ/ ਭਾਵਿਤ)- ਨਵੇਂ ਬਣੇ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸ਼ਾਰਟ ਸਰਕਟ ਹੋਣ ਕਾਰਨ ਇਕ ਕਾਰ ਨੂੰ ਅੱਗ ਲੱਗ ਗਈ। ਇਸ ਘਟਨਾ 'ਚ ਕਾਰ ਸਵਾਰ ਦੋਵੇਂ ਵਿਅਕਤੀ ਵਾਲ-ਵਾਲ ਬਚ ਗਏ। ਮਿਲੀ ਜਾਣਕਾਰੀ ਅਨੁਸਾਰ ਬਾਘਾਪੁਰਾਣਾ ਦਾ ਰਹਿਣ ਵਾਲਾ ਰੌਬਿਨ ਖੁਰਾਣਾ ਪੁੱਤਰ ਨਰੇਸ਼ ਕੁਮਾਰ ਆਪਣੇ ਦੋਸਤ ਗਗਨ ਕੁਮਾਰ ਨਾਲ ਕਿਸੇ ਕੰਮ ਲਈ ਫ਼ਰੀਦਕੋਟ ਤੋਂ ਵਾਪਸ ਬਾਘਾਪੁਰਾਣਾ ਆ ਰਹੇ ਸੀ ਕਿ ਇਸ ਦੌਰਾਨ ਜਦੋਂ ਉਹ ਉਕਤ ਨੈਸ਼ਨਲ ਹਾਈਵੇ 'ਤੇ ਪਿੰਡ ਚਹਿਲ ਪੁੱਜੇ ਤਾਂ ਕਾਰ ਦੇ ਏ. ਸੀ. 'ਚੋਂ ਧੂੰਆਂ ਨਿਕਲਣ ਲੱਗ ਪਿਆ ਅਤੇ ਥੋੜ੍ਹੀ ਦੇਰ ਬਾਅਦ ਅੱਗ ਲੱਗ ਗਈ। ਦੋਵਾਂ ਨੇ ਜਲਦੀ-ਜਲਦੀ ਕਾਰ 'ਚੋਂ ਨਿਕਲ ਕੇ ਆਪਣੀ ਜਾਨ ਬਚਾਈ। 
ਮੌਕੇ 'ਤੇ ਇਕੱਠੇ ਹੋਏ ਲੋਕਾਂ ਵੱਲੋਂ ਸੂਚਿਤ ਕਰਨ 'ਤੇ ਕੋਟਕਪੂਰਾ ਅਤੇ ਫ਼ਰੀਦਕੋਟ ਤੋਂ ਫ਼ਾਇਰ ਬ੍ਰਿਗੇਡ ਦੀਆਂ ਪੁੱਜੀਆਂ ਦੋ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਕਾਰ ਦੀ ਕੀਮਤ ਕਰੀਬ 25 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਦੌਰਾਨ ਕਾਰ 'ਚ ਪਿਆ ਇਕ ਮਹਿੰਗਾ ਮੋਬਾਇਲ ਅਤੇ ਜ਼ਰੂਰੀ ਕਾਗਜ਼ਾਤ ਵੀ ਸੜ ਗਏ। ਸੂਚਨਾ ਮਿਲਦਿਆਂ ਹੀ ਥਾਣਾ ਸਦਰ ਕੋਟਕਪੂਰਾ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਘਟਨਾ ਦਾ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।


Related News