ਸਾਵਧਾਨ! ਡੱਬੇ ਸਮੇਤ ਮਠਿਆਈ ਤੋਲਣਾ ਜੁਰਮ, ਕਾਨੂੰਨ ਤੋੜਨ ਵਾਲੇ ਨੂੰ ਹੋਵੇਗਾ 10 ਹਜ਼ਾਰ ਰੁਪਏ ਜੁਰਮਾਨਾ

10/17/2017 11:01:26 AM

ਬਟਾਲਾ (ਸੈਂਡੀ) - ਵੈਸੇ ਤਾਂ ਸਾਡੇ ਦੇਸ਼ ਵਿਚ ਕਾਨੂੰਨ ਤੋੜਨ ਲਈ ਹੀ ਬਣਦੇ ਹਨ ਪਰ ਫਿਰ ਵੀ ਦੇਰ-ਸਵੇਰ ਤਿਉਹਾਰਾਂ ਮੌਕੇ ਸੰਬੰਧਤ ਮਹਿਕਮਿਆਂ ਦੇ ਅਧਿਕਾਰੀ ਫੋਕੀ ਜਿਹੀ ਬੜ੍ਹਕ ਮਾਰ ਕੇ ਚੁੱਪ ਹੋ ਜਾਂਦੇ ਹਨ ਅਤੇ ਮਠਿਆਈ ਦੀਆਂ ਦੁਕਾਨਾਂ ਵਾਲੇ ਇਸਦਾ ਫਾਇਦਾ ਉਠਾਉਂਦੇ ਹੋਏ ਖੁੱਲ੍ਹ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ। ਹੁਣ ਦੀਵਾਲੀ ਦੇ ਤਿਉਹਾਰ 'ਤੇ ਮਠਿਆਈ ਵਿਕਰੇਤਾ ਗਾਹਕ ਨੂੰ ਚੂਨਾ ਨਹੀ ਲਾ ਸਕਣਗੇ। ਤਿਉਹਾਰਾਂ ਦੇ ਦਿਨਾ ਵਿਚ ਮਠਿਆਈ ਦੀ ਖ਼ਰੀਦੋ-ਫ਼ਰੋਖਤ ਵੱਧ ਹੋਣ ਕਰਕੇ ਦੁਕਾਨਦਾਰ ਗਾਹਕ ਨੂੰ ਡੱਬੇ ਸਮਤੇ ਮਠਿਆਈ ਤੋਲ ਦਿੰਦੇ ਹਨ, ਜਿਸ ਕਾਰਨ ਗਾਹਕ ਨੂੰ ਇਕ ਕਿਲੋ ਦੀ ਬਜਾਏ 800 ਗ੍ਰਾਮ ਹੀ ਮਠਿਆਈ ਮਿਲਦੀ ਹੈ। 
ਉਦਾਹਰਨ ਦੇ ਤੌਰ 'ਤੇ ਜੇਕਰ ਗਾਹਕ 600 ਰੁਪਏ ਕਿਲੋ ਦੀ ਮਠਿਆਈ ਖ਼ਰੀਦਦਾ ਹੈ ਤਾਂ ਉਸ ਨੂੰ ਲਗਪਗ 120 ਰੁਪਏ ਦਾ ਚੂਨਾ ਲਗਦਾ ਹੈ। ਨਾਪਤੋਲ ਵਿਭਾਗ ਦੇ ਇੰਸਪੈਕਟਰ ਅਜੇ ਵਰਮਾ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਡੱਬੇ ਸਮੇਤ ਮਠਿਆਈ ਤੋਲਦਾ ਫੜਿਆ ਗਿਆ, ਤਾਂ ਉਸ ਨੂੰ 10 ਹਜ਼ਾਰ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਦੁਕਾਨਦਾਰ ਗਾਹਕ ਨੂੰ ਪੂਰੀ ਮਠਿਆਈ ਦੇਵੇ, ਉਹ ਡੱਬੇ ਦੇ ਅਲੱਗ ਤੋਂ ਪੈਸੇ ਲੈ ਸਕਦਾ ਹੈ। ਕਾਨੂੰਨ ਅਨੁਸਾਰ ਦੁਕਾਨਦਾਰ ਪਹਿਲਾਂ ਡੱਬਾ ਤੋਲੇ ਅਤੇ ਬਾਅਦ ਵਿਚ ਉਸ ਵਿਚ ਮਠਿਆਈ ਪਾ ਕੇ ਤੋਲ ਸਕਦਾ ਹੈ ਜਾਂ ਫਿਰ ਡੱਬੇ ਦੇ ਵਜ਼ਨ ਦੇ ਬਰਾਬਰ ਮਠਿਆਈ ਵੱਖਰੀ ਪਾਵੇ ਪਰ ਤਿਉਹਾਰ ਮੌਕੇ ਜੇਕਰ ਕੋਈ ਦੁਕਾਨਦਾਰ ਡੱਬੇ ਸਮੇਤ ਤੋਲ ਕਰਦਾ ਫੜਿਆ ਗਿਆ ਤਾਂ ਉਸ 'ਤੇ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਗਾਹਕਾਂ ਨੂੰ ਮਠਿਆਈ ਖ਼ਰੀਦ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣ ਲਈ ਵੀ ਕਿਹਾ।


Related News