2 ਫਾਇਨਾਂਸ ਕਮਿਸ਼ਨਰ ਦੇਣ ਵਾਲੇ ਸਕੂਲ ਦੀ ਸਾਰ ਲੈਣਾ ਭੁੱਲੀ ਸਰਕਾਰ

10/13/2017 5:30:35 AM

ਨਕੋਦਰ, (ਪਾਲੀ)— ਕੇਂਦਰ ਤੇ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਜਿਸ ਸਕੂਲ ਨੇ 2 ਸੂਬਿਆਂ ਨੂੰ ਫਾਇਨਾਂਸ਼ੀਅਲ ਕਮਿਸ਼ਨਰ ਦਿੱਤੇ, ਉਸਦੀ ਸਾਰ ਲੈਣੀ ਪੰਜਾਬ ਸਰਕਾਰ ਭੁੱਲ ਗਈ ਹੈ।  ਇਹ ਸਕੂਲ ਹੈ ਨਕੋਦਰ 'ਚ ਮਹਿਤਪੁਰ ਰੋਡ 'ਤੇ ਸਥਿਤ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਲੜਕੇ। ਇਸ ਸਮੇਂ ਇਹ ਸਕੂਲ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੋ ਗਿਆ ਹੈ। 
ਜਗ ਬਾਣੀ ਟੀਮ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਉਕਤ ਸਕੂਲ ਦੀ ਇਮਾਰਤ ਕਰੀਬ 94 ਸਾਲ ਪਹਿਲਾਂ 1924 'ਚ ਬਣੀ ਸੀ ਤੇ ਅੱਜ ਇਮਾਰਤ ਦੀ ਖਸਤਾ ਹਾਲਤ ਹੋਣ ਕਾਰਨ ਤਰਸਯੋਗ ਬਣੀ ਹੋਈ ਹੈ। ਸਕੂਲ ਦੀ ਇਮਾਰਤ ਦੇ ਇਕ ਹਿੱਸੇ 'ਚ ਬੱਚਿਆਂ ਦੀਆਂ ਕਲਾਸਾਂ ਲਾਈਆਂ ਜਾਂਦੀਆਂ ਸਨ ਪਰ ਇਸ ਦੌਰਾਨ ਇਮਾਰਤ ਦੇ ਇਕ ਹਿੱਸੇ ਦੀਆਂ ਛੱਤਾਂ ਡਿੱਗੀਆਂ ਹੋਈਆਂ ਹਨ ਤੇ ਦਰਵਾਜ਼ੇ ਵੀ ਟੁੱਟੇ ਹੋਏ ਹਨ, ਜਿਸ ਕਾਰਨ ਇਮਾਰਤ ਨੂੰ ਅਸੁਰੱਖਿਅਤ ਐਲਾਨ ਕੀਤਾ ਹੋਇਆ ਹੈ। ਸਕੂਲ ਸਟਾਫ ਨੇ ਉਥੇ ਬੱਚਿਆਂ ਦੀਆਂ ਕਲਾਸਾਂ ਲਾਉਣੀਆਂ ਵੀ ਬੰਦ ਕਰ ਦਿੱਤੀਆਂ ਹਨ। 
ਸੂਤਰ ਦੱਸਦੇ ਹਨ ਕਿ ਸਕੂਲ ਦੀ ਤਰਸਯੋਗ ਹਾਲਤ ਸਬੰਧੀ ਮਾਮਲਾ ਕਈ ਵਾਰ ਜ਼ਿਲਾ ਸਿੱਖਿਆ ਵਿਭਾਗ ਅਤੇ ਰਾਜਨੀਤਕ ਆਗੂਆਂ ਦੇ ਧਿਆਨ 'ਚ ਲਿਆਂਦਾ ਗਿਆ ਪਰ ਫਿਰ ਵੀ ਕਿਸੇ ਵੱਲੋਂ ਇਹ ਅਸੁਰੱਖਿਅਤ ਇਮਾਰਤ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਲਈ ਕੋਈ ਚਾਰਜੋਈ ਨਹੀਂ ਕੀਤੀ ਗਈ। ਸਰਕਾਰ ਅਤੇ ਵਿਭਾਗ ਦੀ ਬੇਰੁਖੀ ਕਾਰਨ 94 ਸਾਲ ਪਹਿਲਾਂ ਬਣੇ ਇਸ ਸਕੂਲ ਵਿਚ ਬੁਨਿਆਦੀ ਢਾਂਚੇ ਤੇ ਅਧਿਆਪਕਾਂ ਦੀ ਘਾਟ ਕਾਰਨ ਸਕੂਲ ਤੋਂ ਵਿਦਿਆਰਥੀਆਂ ਦਾ ਮੋਹ ਭੰਗ ਹੋ ਰਿਹਾ ਹੈ, ਵਿਦਿਆਰਥੀਆਂ ਦੀ ਗਿਣਤੀ ਹਜ਼ਾਰਾਂ ਤੋਂ ਘਟ ਕੇ ਸਿਰਫ 226 ਰਹਿ ਗਈ ਹੈ।
ਸਕੂਲ ਅੱਪਗ੍ਰੇਡ ਹੋਇਆ ਪਰ ਸਹੂਲਤਾਂ ਦੇਣਾ ਭੁੱਲ ਗਿਆ ਵਿਭਾਗ
ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਹਾਈਕੋਰਟ ਦੇ ਨਿਰਦੇਸ਼ਾਂ 'ਤੇ ਸਾਲ 2015 ਵਿਚ ਉਕਤ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੂੰ ਅਪਗ੍ਰੇਡ ਕੀਤਾ ਸੀ, ਜਿਸ ਵਿਚ 12ਵੀਂ ਕਲਾਸ ਤਕ ਆਰਟਸ ਗਰੁੱਪ ਦੀ ਪੜ੍ਹਾਈ ਸ਼ੁਰੂ ਹੋਣੀ ਸੀ ਪਰ ਬਿਲਡਿੰਗ ਦੀ ਤਰਸਯੋਗ ਹਾਲਤ, ਹੋਰ ਸਹੂਲਤਾਂ ਤੇ ਅਧਿਆਪਕਾਂ ਦੀ ਕਮੀ ਕਾਰਨ ਸਕੂਲ 'ਚ ਬੱਚਿਆਂ ਨੂੰ 6ਵੀਂ ਕਲਾਸ ਤੋਂ 11ਵੀਂ ਕਲਾਸ ਤਕ ਹੀ ਪੜ੍ਹਾਇਆ ਜਾ ਰਿਹਾ ਹੈ, ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਸਕੂਲ ਨੂੰ ਅੱਪਗ੍ਰੇਡ ਕਰਨ ਦੇ ਬਾਅਦ ਸ਼ਾਇਦ ਪੰਜਾਬ ਸਰਕਾਰ ਦੇ ਨਾਲ-ਨਾਲ ਸਿੱਖਿਆ ਵਿਭਾਗ ਵੀ ਸਕੂਲ ਨੂੰ ਸਹੂਲਤਾਂ ਦੇਣਾ ਭੁੱਲ ਗਿਆ।
ਸਕੂਲ 'ਚ ਗੰਦਗੀ ਦੀ ਭਰਮਾਰ
ਇਕ ਪਾਸੇ ਜਿਥੇ ਦੇਸ਼ ਨੂੰ ਸਾਫ-ਸੁਥਰਾ ਰੱਖਣ ਲਈ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਚਲਾਈ ਜਾ ਰਹੀ ਹੈ, ਉਥੇ ਹੀ ਉਕਤ ਸਕੂਲ 'ਚ ਸਫਾਈ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ, ਬਾਥਰੂਮ ਤੇ ਪਾਰਕ ਮਾੜੀ ਹਾਲਤ ਕਾਰਨ ਨਰਕ ਬਣ ਚੁੱਕੇ ਹਨ। ਬਾਥਰੂਮਾਂ ਦੇ ਦਰਵਾਜ਼ੇ ਟੁੱਟੇ ਪਏ ਹਨ, ਟੂਟੀਆਂ ਖਰਾਬ ਹਨ ਅਤੇ ਸਕੂਲ ਦੀਆਂ ਇਮਾਰਤਾਂ ਦੀਆਂ ਛੱਤਾਂ 'ਤੇ ਕਈ ਕਈ ਫੁੱਟ ਘਾਹ ਉਗਿਆ ਹੋਇਆ ਹੈ। ਉਕਤ ਮਾੜੇ ਹਾਲਾਤ ਕਾਰਨ ਵਿਦਿਆਰਥੀ ਬੀਮਾਰੀ ਦੀ ਲਪੇਟ 'ਚ ਆ ਸਕਦੇ ਹਨ। 
ਕੀ ਕਹਿਣਾ ਜ਼ਿਲਾ ਸਿੱਖਿਆ ਅਫਸਰ ਦਾ?
ਜਦੋਂ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਨੀਲਮ ਕੁਮਾਰੀ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੁਰੱਖਿਅਤ ਇਮਾਰਤ ਦੀ ਪੜਤਾਲ ਕਰਵਾ ਕੇ ਇਸ ਨੂੰ ਢਾਹੁਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ ਅਤੇ ਅਧਿਆਪਕਾਂ ਦੀ ਕਮੀ ਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰਨ ਲਈ ਸਾਡੀ ਪੂਰੀ ਕੋਸ਼ਿਸ਼ ਹੋਵੇਗੀ।
ਨਗਰ ਕੌਂਸਲ ਦੇ ਪ੍ਰਧਾਨ ਨੇ ਸਕੂਲ ਲਈ ਨਵੀਂ ਇਮਾਰਤ ਦੀ ਕੀਤੀ ਮੰਗ
ਸਕੂਲ ਦੀ ਮਾੜੀ ਹਾਲਤ ਨੂੰ ਦੇਖਦਿਆਂ ਨਗਰ ਕੌਂਸਲ ਨਕੋਦਰ ਦੇ ਪ੍ਰਧਾਨ ਆਦਿੱਤਿਆ ਭਟਾਰਾ ਨੇ ਸਿੱਖਿਆ ਵਿਭਾਗ ਦੇ ਸਕੱਤਰ, ਡੀ. ਜੀ. ਐੱਸ. ਸੀ., ਡੀ. ਪੀ. ਆਈ. ਸੈਕੰਡਰੀ, ਡਾਇਰੈਕਟਰ ਸਿੱਖਿਆ ਵਿਭਾਗ, ਡੀ. ਈ. ਓ. ਜਲੰਧਰ ਸਮੇਤ ਹੋਰ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਅਸੁਰੱਖਿਅਤ ਇਮਾਰਤ ਨੂੰ ਜਲਦੀ ਤੋਂ ਜਲਦੀ ਢਾਹੁਣ ਲਈ ਕਦਮ ਚੁੱਕੇ ਜਾਣ। 
ਉਨ੍ਹਾਂ ਕਿਹਾ ਕਿ ਸਕੂਲ ਵਿਚ ਪੜ੍ਹ ਰਹੇ 226 ਵਿਦਿਆਰਥੀ ਅਸੁਰੱਖਿਅਤ ਹਨ ਅਤੇ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਕੋਈ ਉਪਰਾਲਾ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਮਜਬੂਰਨ ਮਾਣਯੋਗ ਹਾਈਕੋਰਟ ਜਾਣਾ ਪਵੇਗਾ।


Related News