ਉਤਸ਼ਾਹ ਨਾਲ ਮਨਾਇਆ ਈਦ-ਉਲ-ਫਿਤਰ

06/27/2017 2:15:26 AM

ਮਾਨਸਾ(ਮਨਜੀਤ ਕੌਰ)-ਈਦ-ਉਲ-ਫਿਤਰ ਦਾ ਪਵਿੱਤਰ ਤਿਉਹਾਰ ਮਾਨਸਾ ਦੀ ਈਦਗਾਹ 'ਚ ਸਮੁੱਚੇ ਮੁਸਲਿਮ ਭਾਈਚਾਰੇ ਨੇ ਹਾਜ਼ੀ ਹਾਫਿਜ਼ ਉਮਰਦੀਨ ਜ਼ਿਲਾ ਈਮਾਮ ਦੀ ਰਹਿਨੁਮਾਈ ਹੇਠ ਬੜੇ ਉਤਸ਼ਾਹ ਨਾਲ ਮਨਾਇਆ। ਇਸ ਦੌਰਾਨ ਸ਼ਹਿਰ ਤੇ ਇਲਾਕੇ ਭਰ ਦੇ ਵੱਡੀ ਗਿਣਤੀ 'ਚ ਪਹੁੰਚੇ ਲੋਕਾਂ ਨੇ ਇੱਕਠਿਆਂ ਨਮਾਜ਼ ਅਦਾ ਕੀਤੀ। ਇਸ ਮੁਬਾਰਕ ਮੌਕੇ 'ਤੇ ਹਾਜ਼ੀ ਹਾਫਿਜ਼ ਉਮਰਦੀਨ ਨੇ ਸਮੁੱਚੀ ਆਵਾਮ ਦੀ ਸਲਾਮਤੀ ਤੇ ਆਪਸੀ ਭਾਈਚਾਰੇ ਲਈ ਦੁਆ ਕੀਤੀ। ਅੱਜ ਦੇ ਦਿਨ ਦਾ ਮਹੱਤਵ ਦੱਸਦਿਆਂ ਉਨ੍ਹਾਂ ਕਿਹਾ ਕੇ ਈਦ ਦੀ ਨਮਾਜ਼ ਤੋਂ ਬਾਅਦ ਲੋਕ ਇਕ ਦੂਸਰੇ ਦੇ ਗਲੇ ਮਿਲ ਕੇ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਨਵੇਂ ਸਿਰੇ ਤੋਂ ਰਿਸ਼ਤਿਆਂ ਦੀ ਸ਼ੁਰੂਆਤ ਕਰਦੇ ਹਨ। ਇਸਲਾਮ ਇਨਸਾਨੀਅਤ, ਸਮਾਜਿਕ ਬਰਾਬਰੀ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਬਲਜਿੰਦਰ ਸੰਗੀਲਾ ਨੇ ਕਿਹਾ ਕਿ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਾਰੇ ਧਰਮ ਇਕ ਦੂਸਰੇ ਨੂੰ ਪਿਆਰ ਕਰਨਾ ਸਿਖਾਉਂਦੇ ਹਨ। ਵਿਸ਼ੇਸ਼ ਤੌਰ 'ਤੇ ਇਸਲਾਮ ਹਮੇਸ਼ਾ ਹੀ ਮਨੁੱਖਤਾ ਦੇ ਭਲੇ ਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੰਦਾ ਹੈ। ਲੰਗਰ ਦਾ ਪ੍ਰਬੰਧ ਯੂਥ ਮੁਸਲਿਮ ਕਮੇਟੀ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਧਾਨ ਹਬੀਬ ਖਾਨ, ਸਕੱਤਰ ਸ਼ਹਿਨਾਜ਼ ਅਲੀ, ਹਸਨ, ਜਫਰਦੀਨ, ਬਿੱਲੂ ਖਾਨ, ਮਕਬੂਲ ਖਾਨ, ਦਾਰਾ ਖਾਨ, ਰਾਜ ਖਾਨ, ਇਕਬਾਲ ਖਾਨ, ਗੋਰਾ ਖਾਨ, ਸਲੀਮ ਖਾਨ, ਫਿਰੋਜ਼ ਖਾਨ, ਮਕਬੂਲ ਅਹਿਮਦ, ਰਾਜ ਗੱਗੀ, ਰਣੀ ਖਾਨ, ਜਿਸ਼ਾਨ ਅਲੀ, ਇਮਰਾਨ, ਗੁਫਰਾਨ, ਇਰਸ਼ਾਦ ਖਾਨ, ਕਾਸਮ ਅਤੇ ਭਾਰੀ ਗਿਣਤੀ 'ਚ ਔਰਤਾਂ ਮਰਦ ਅਤੇ ਬੱਚੇ ਸ਼ਾਮਲ ਹੋਏ।
ਇਸ ਤੋਂ ਇਲਾਵਾ ਪਿੰਡ ਫਫੜੇ ਭਾਈਕੇ ਜਾਮਾ ਮਸਜਿਦ ਵਿਖੇ ਈਦ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਬੱਪੀਆਣਾ, ਕੋਟਲੱਲੂ, ਬੋੜਾਵਾਲ, ਕਿਸ਼ਨਗੜ੍ਹ ਫਰਵਾਹੀ, ਖਿੱਲਣ ਦੇ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਦੀ ਨਮਾਜ਼ ਪੜ੍ਹੀ ਗਈ।
ਸਾਨੂੰ ਨਹੀਂ ਦਿੱਤੀ ਸਟੇਜ ਲਗਾਉਣ ਦੀ ਮੰਜ਼ੂਰੀ: ਨਗੀਨਾ
ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਘੱਟ ਗਿਣਤੀ ਵਿਭਾਗ ਦੀ ਜ਼ਿਲਾ ਪ੍ਰਧਾਨ ਅਤੇ ਬਾਬਾ ਹਾਜ਼ੀਰਤਨ ਮੁਸਲਿਮ ਵੈੱਲਫੇਅਰ ਕਮੇਟੀ ਦੀ ਚੇਅਰਮੈਨ ਨਗੀਨਾ ਬੇਗਮ ਨੇ ਰੋਸ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਈਦ ਮੌਕੇ ਸਟੇਜ ਲਗਾਉਣ ਲਈ ਡਿਪਟੀ ਕਮਿਸ਼ਨਰ ਕੋਲ ਅਰਜ਼ੀ ਦਿੱਤੀ ਸੀ ਪਰ ਉਨ੍ਹਾਂ ਨੂੰ ਸਟੇਜ ਲਗਾਉਣ ਦੀ ਮੰਜ਼ੂਰੀ ਨਹੀਂ ਦਿੱਤੀ ਗਈ। ਸਮਾਗਮ 'ਚ ਡਿਪਟੀ ਸਪੀਕਰ ਵਿਧਾਨ ਸਭਾ ਅਜੈਬ ਸਿੰਘ ਭੱਟੀ ਨੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀਨਿਧੀ ਸਟੇਜ ਤੋਂ ਸੰਬੋਧਨ ਕਰਦੇ ਰਹੇ ਪਰ ਹੁਣ ਉਨ੍ਹਾਂ ਦੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ ਤੇ ਇਸ ਮਾਮਲੇ ਨੂੰ ਉੱਪਰ ਤੱਕ ਚੁੱਕਣਗੇ। ਭੱਟੀ ਨੂੰ ਈਦ ਦਿਹਾੜੇ ਦੀ ਵਧਾਈ ਦੇਣ ਪਹੁੰਚੀ ਨਗੀਨਾ ਨੇ ਉਨ੍ਹਾਂ ਨੂੰ ਧੱਕੇਸ਼ਾਹੀ ਦੀ ਜਾਣਕਾਰੀ ਦਿੰਿਦਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੱਕ ਉਕਤ ਪਹੁੰਚਾਉਣ ਦੀ ਮੰਗ ਕੀਤੀ, ਜਿਸ ਨਾਲ ਭੱਟੀ ਨੇ ਉਚਿਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।


Related News