ਆਜ਼ਾਦੀ ਸਮਾਗਮ ''ਚ ਹਿੱਸਾ ਲੈ ਰਹੇ ਬੱਚੇ ਹੋਏ ਬੇਹੋਸ਼

08/17/2017 2:52:07 AM

ਸੰਗਰੂਰ,   (ਵਿਵੇਕ ਸਿੰਧਵਾਨੀ, ਯਾਦਵਿੰਦਰ)-  ਜ਼ਿਲਾ ਪੁਲਸ ਲਾਈਨ ਸੰਗਰੂਰ ਵਿਖੇ ਮਨਾਏ ਗਏ 71ਵੇਂ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧਾਂ ਦੀ ਪੋਲ ਉਸ ਸਮੇਂ ਖੁੱਲ੍ਹ ਗਈ ਜਦੋਂ ਸਮਾਗਮ ਦੌਰਾਨ ਅੱਧੀ ਦਰਜਨ ਦੇ ਕਰੀਬ ਬੱਚੇ ਜੋ ਕਿ ਸਮਾਗਮ ਵਿਚ ਹਿੱਸਾ ਲੈਣ ਆਏ ਸਨ, ਬੇਹੋਸ਼ ਹੋ ਗਏ।  ਇਸ ਆਜ਼ਾਦੀ ਸਮਾਗਮ ਜਿਸ ਵਿਚ ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ, ਉਨ੍ਹਾਂ ਦੀ ਆਓ ਭਗਤ ਵਿਚ ਤਾਂ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕੋਈ ਕਸਰ ਨਹੀਂ ਛੱਡੀ ਪਰ ਪ੍ਰਸ਼ਾਸਨ ਸਮਾਗਮ 'ਚ ਸਖਤ ਗਰਮੀ ਦੌਰਾਨ ਹਿੱਸਾ ਲੈ ਰਹੇ ਬੱਚਿਆਂ ਲਈ ਪਾਣੀ ਦਾ ਪੁਖਤਾ ਪ੍ਰਬੰਧ ਨਹੀਂ ਕਰ ਸਕਿਆ।
ਪ੍ਰਸ਼ਾਸਨ ਦੀ ਇਸ ਲਾਪ੍ਰਵਾਹੀ ਦਾ ਨਤੀਜਾ ਬੱਚਿਆਂ ਨੂੰ ਭੁਗਤਣਾ ਪਿਆ। ਜਦੋਂ ਸਿੱਖਿਆ ਮੰਤਰੀ ਦੇ ਸਾਹਮਣੇ ਪਰੇਡ ਕਰ ਰਹੇ ਇਹ ਬੱਚੇ ਇਕ-ਇਕ ਕਰ ਕੇ ਬੇਹੋਸ਼ ਹੁੰਦੇ ਗਏ ਤਾਂ ਉਨ੍ਹਾਂ ਨੂੰ ਗਰਾਊਂਡ 'ਚੋਂ ਚੁੱਕ ਕੇ ਮੌਕੇ 'ਤੇ ਮੌਜੂਦ ਡਾਕਟਰਾਂ ਦੀ ਟੀਮ ਨੇ ਸੰਭਾਲਿਆ। ਸਮਾਗਮ ਵਿਚ ਹਾਜ਼ਰ ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੇ ਸਾਰਾ ਜ਼ੋਰ ਵੀ. ਆਈ. ਪੀ. ਨੂੰ ਹੀ ਖੁਸ਼ ਰੱਖਣ 'ਤੇ ਲਾ ਦਿੱਤਾ। ਸਮਾਗਮ ਵਿਚ ਹਿੱਸਾ ਲੈ ਰਹੇ ਬੱਚਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ। 
ਰੈਸਟ ਹਾਊਸ ਰੋਡ ਵੀ ਕੀਤਾ ਬੰਦ 
ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਪੀ. ਡਬਲਿਯੂ. ਡੀ. ਰੈਸਟ ਹਾਊਸ ਵਿਚ ਠਹਿਰਾਇਆ ਗਿਆ ਸੀ ਪਰ ਜ਼ਿਲਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਰੈਸਟ ਹਾਊਸ ਰੋਡ ਨੂੰ ਦੋਵਾਂ ਪਾਸਿਓਂ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ, ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੁਲਸ ਨੇ ਨਗਰ ਕੌਂਸਲ ਚੌਕ ਅਤੇ ਰੇਲਵੇ ਚੌਕ ਦੋਹਾਂ ਥਾਵਾਂ 'ਤੇ ਵਿਸ਼ੇਸ਼ ਤੌਰ 'ਤੇ ਨਾਕੇ ਲਾ ਕੇ ਸੜਕ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਸੀ ਤੇ ਆਮ ਲੋਕਾਂ ਦੇ ਇਥੋਂ ਲੰਘਣ 'ਤੇ ਮਨਾਹੀ ਸੀ। 


Related News