ਪਿਓ-ਪੁੱਤ ਨੇ ਐੱਨ. ਆਰ. ਆਈ. ਨਾਲ ਮਾਰੀ 51 ਲੱਖ ਦੀ ਠੱਗੀ

06/25/2017 12:16:09 AM

ਮੋਗਾ,   (ਆਜ਼ਾਦ)-  ਖੰਨਾ ਨਿਵਾਸੀ ਹਰਦੀਪ ਸਿੰਘ ਨੇ ਉਨ੍ਹਾਂ ਦੀ ਸ਼ੇਰਗਿੱਲ ਟਰੈਕਟਰ ਏਜੰਸੀ ਜੀ. ਟੀ. ਰੋਡ ਜਗਰਾਓਂ 'ਚ ਕੰਮ ਕਰਦੇ ਪਿੰਡ ਕੋਕਰੀ ਕਲਾਂ (ਮੋਗਾ) ਨਿਵਾਸੀ ਪਿਓ-ਪੁੱਤ 'ਤੇ ਟਰੈਕਟਰ ਅਤੇ ਸਪੇਅਰ ਪਾਰਟਸ ਵਿਕਰੀ ਦੇ ਮਾਮਲੇ 'ਚ 51 ਲੱਖ 25 ਹਜ਼ਾਰ 563 ਰੁਪਏ ਧੋਖੇ ਨਾਲ ਹੜੱਪਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਕੁਲਦੀਪ ਸਿੰਘ, ਜੋ ਅਮਰੀਕਾ ਰਹਿੰਦਾ ਹੈ, ਦਾ ਖੰਨਾ ਵਿਖੇ ਟਰੈਕਟਰ ਦਾ ਸ਼ੋਅ ਰੂਮ ਹੈ, ਜਿਸ ਦੀ ਇਕ ਬ੍ਰਾਂਚ ਸ਼ੇਰਗਿੱਲ ਟਰੈਕਟਰ ਏਜੰਸੀ ਜੀ. ਟੀ. ਰੋਡ, ਜਗਰਾਓਂ ਵਿਖੇ ਹੈ। ਮੇਰੇ ਭਰਾ ਵੱਲੋਂ ਮੈਨੂੰ ਕੰਮ ਚਲਾਉਣ ਲਈ ਆਪਣਾ ਮੁਖਤਿਆਰਨਾਮਾ ਦਿੱਤਾ ਹੋਇਆ ਹੈ। ਸਾਡੀ ਜਗਰਾਓਂ ਸਥਿਤ ਏਜੰਸੀ ਵਿਚ ਇਕਬਾਲ ਸਿੰਘ ਅਤੇ ਉਸ ਦਾ ਪੁੱਤਰ ਸੁਖਦੀਪ ਸਿੰਘ ਨਿਵਾਸੀ ਪੰਡ ਕੋਕਰੀ ਕਲਾਂ 0.5 ਫੀਸਦੀ ਕਮਿਸ਼ਨ 'ਤੇ ਕੰਮ ਕਰਦੇ ਸਨ। ਜਗਰਾਓਂ ਏਜੰਸੀ 'ਚ ਰਾਤ ਦੀ ਸਕਿਓਰਿਟੀ ਨਾ ਹੋਣ 'ਤੇ ਉਕਤ ਦੋਵੇਂ ਪਿਓ-ਪੁੱਤ ਸਪੇਅਰ ਪਾਰਟਸ ਦਾ ਸਾਮਾਨ ਆਪਣੀ ਜ਼ਿੰਮੇਵਾਰੀ 'ਤੇ ਪਿੰਡ ਕੋਕਰੀ ਕਲਾਂ ਲੈ ਜਾਂਦੇ ਸਨ। ਉਕਤ ਦੋਵੇਂ ਟਰੈਕਟਰ ਅਤੇ ਸਪੇਅਰ ਪਾਰਟਸ ਵਿਕਰੀ ਦੇ ਪੈਸੇ ਬੈਂਕ 'ਚ ਜਮ੍ਹਾ ਕਰਵਾਉਂਦੇ ਰਹਿੰਦੇ ਸਨ ਪਰ ਉਹ ਕਥਿਤ ਮਿਲੀਭੁਗਤ ਕਰ ਕੇ ਪੂਰੇ ਪੈਸੇ ਨਹੀਂ ਜਮ੍ਹਾ ਕਰਵਾਉਂਦੇ ਸਨ, ਜਿਸ ਲਈ ਅਸੀਂ ਇਕਬਾਲ ਸਿੰਘ ਨੂੰ ਹਿਸਾਬ ਕਰਨ ਲਈ ਕਿਹਾ ਤਾਂ ਉਹ ਟਾਲ-ਮਟੋਲ ਕਰਨ ਲੱਗਾ। 
ਸਾਡੇ ਵੱਲੋਂ ਕੀਤੀ ਗਈ ਜਾਂਚ ਸਮੇਂ ਪਤਾ ਲੱਗਾ ਕਿ ਦੋਸ਼ੀਆਂ ਨੇ ਟਰੈਕਟਰ ਵਿਕਰੀ ਦੇ 27 ਲੱਖ 25 ਹਜ਼ਾਰ 563 ਰੁਪਏ ਅਤੇ ਸਪੇਅਰ ਪਾਰਟਸ ਵਿਕਰੀ ਦੇ 24 ਲੱਖ (ਕੁਲ 51 ਲੱਖ 25 ਹਜ਼ਾਰ 563 ਰੁਪਏ) ਬੈਂਕ ਵਿਚ ਘੱਟ ਜਮ੍ਹਾ ਕਰਵਾਏ ਹਨ। ਪੈਸੇ ਮੰਗਣ 'ਤੇ ਉਹ ਸਾਨੂੰ ਧਮਕੀਆਂ ਦੇਣ ਲੱਗੇ, ਇਸ ਤਰ੍ਹਾਂ ਉਕਤ ਦੋਵਾਂ ਪਿਓ-ਪੁੱਤ ਨੇ ਕਥਿਤ ਮਿਲੀਭੁਗਤ ਕਰ ਕੇ ਸਾਡੇ ਨਾਲ ਧੋਖਾਦੇਹੀ ਕੀਤੀ ਹੈ। ਇਸ ਤਰ੍ਹਾਂ ਸਾਨੂੰ ਆਪਣੀ ਏਜੰਸੀ ਵੀ ਬੰਦ ਕਰਨੀ ਪਈ।

ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਸੀ. ਆਈ. ਏ. ਇੰਚਾਰਜ ਮੋਗਾ ਨੂੰ ਕਰਨ ਦਾ ਹੁਕਮ ਦਿੱਤਾ। ਜਾਂਚ ਅਧਿਕਾਰੀ ਨੇ ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਜਾਂਚ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ, ਜਿਸ 'ਤੇ ਉਕਤ ਦੋਵਾਂ ਦੋਸ਼ੀਆਂ ਇਕਬਾਲ ਸਿੰਘ ਪੁੱਤਰ ਗੁਰਚਰਨ ਸਿੰਘ ਅਤੇ ਉਸ ਦੇ ਬੇਟੇ ਸੁਖਦੀਪ ਸਿੰਘ ਨਿਵਾਸੀ ਪਿੰਡ ਕੋਕਰੀ ਕਲਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਥਾਣਾ ਅਜੀਤਵਾਲ ਵਿਖੇ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ।


Related News