ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ਾਂ ਹੇਠ ਪਤੀ, ਸੱਸ ਤੇ ਸਹੁਰੇ ਖਿਲਾਫ਼ ਮਾਮਲਾ ਦਰਜ

12/13/2017 6:56:01 AM

ਨਵਾਂਸ਼ਹਿਰ, (ਤ੍ਰਿਪਾਠੀ)- ਅਮਰੀਕਨ ਸਿਟੀਜ਼ਨਸ਼ਿਪ ਲੈਣ ਲਈ ਐੱਨ.ਆਰ.ਆਈ. ਪਤੀ ਨੇ ਵਿਆਹ ਕਰਵਾਉਣ ਲਈ ਪੰਜਾਬੀ ਪਤਨੀ ਤੋਂ ਤਲਾਕ ਦੀ ਮੰਗ ਕਰਨ ਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ਾਂ ਹੇਠ ਪੁਲਸ ਨੇ ਪਤੀ, ਸੱਸ ਤੇ ਸਹੁਰੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ 'ਚ ਆਸ਼ਾ ਰਾਣੀ ਪੁੱਤਰੀ ਸ਼ਿੰਗਾਰਾ ਸਿੰਘ ਵਾਸੀ ਮਹਿੰਦੀਪੁਰ ਨੇ ਦੱਸਿਆ ਕਿ ਉਸ ਦਾ ਵਿਆਹ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਨਵਾਂਸ਼ਹਿਰ ਦੇ ਇਕ ਪੈਲੇਸ 'ਚ 5 ਜਨਵਰੀ, 2013 ਨੂੰ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਦਾ ਪਤੀ ਨਿਊਜ਼ੀਲੈਂਡ ਤੋਂ ਵਾਪਸ ਆਇਆ ਸੀ। ਸਹੁਰੇ ਪਰਿਵਾਰ ਨੇ ਵਿਆਹ 'ਚ ਕੋਈ ਦਾਜ ਨਾ ਲੈਣ ਪਰ ਵਿਆਹ ਕਿਸੇ ਪੈਲੇਸ 'ਚ ਕਰਨ ਦੀ ਮੰਗ ਅਨੁਸਾਰ ਉਸ ਦੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਤਂੋ ਵੱਧ ਕੇ ਵਿਆਹ 'ਤੇ ਖਰਚ ਕੀਤਾ। ਵਿਆਹ ਵਾਲੇ ਦਿਨ ਦਾਜ ਦੀ ਮੰਗ ਕਰਨ 'ਤੇ ਪਰਿਵਾਰ ਵੱਲੋਂ ਗਹਿਣੇ ਸਮੇਤ ਜ਼ਰੂਰੀ ਸਾਮਾਨ ਦਿੱਤਾ ਗਿਆ। ਉਸ ਨੇ ਦੱਸਿਆ ਕਿ ਵਿਆਹ ਦੇ ਕੁਝ ਸਮੇਂ ਬਾਅਦ ਸਭ ਕੁਝ ਠੀਕ ਰਹਿਣ ਦੇ ਬਾਅਦ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਵਿਦੇਸ਼ ਵਾਪਸ ਚਲੇ ਗਏ ਉਸ ਦੇ ਪਤੀ ਨੇ ਨਿਊਜ਼ੀਲੈਂਡ ਦੇ ਕਾਗਜ਼ ਲਾਉਣ ਲਈ 2 ਲੱਖ ਰੁਪਏ ਤੇ ਬਾਅਦ 'ਚ 4 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨੂੰ ਕਿਸੇ ਤਰ੍ਹਾਂ ਪੂਰਾ ਕਰਨ ਦੇ ਬਾਵਜੂਦ ਵੀ ਉਸ ਨੂੰ ਵਿਦੇਸ਼ ਨਹੀਂ ਸੱਦਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਫੋਨ ਕਰਨਾ ਬੰਦ ਕਰ ਦਿੱਤਾ। 
ਜਦਕਿ ਉਸ ਦੇ ਸੱਸ-ਸਹੁਰੇ ਨੇ ਉਸ ਨੂੰ ਘਰੋਂ ਕੱਢ ਦਿੱਤਾ, ਜਿਸ ਕਾਰਨ ਉਹ ਪੇਕੇ ਪਰਿਵਾਰ ਕੋਲ ਰਹਿਣ ਲਈ ਮਜਬੂਰ ਹੋ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦਾ ਪਤੀ ਹੁਣ ਅਮਰੀਕਾ 'ਚ ਸੈਟਲ ਹੋਣ ਤੇ ਪੀ.ਆਰ. ਲੈਣ ਲਈ ਉਥੇ ਵਿਆਹ ਕਰਨ ਲਈ ਉਸ ਨੂੰ ਤਲਾਕ ਦੇਣ ਦੀ ਮੰਗ ਕਰ ਰਿਹਾ ਹੈ। 
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਦੋਸ਼ੀ ਸਹੁਰੇ ਪਰਿਵਾਰ ਖਿਲਾਫ਼ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਤੇ ਉਸ ਨੂੰੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਜਾਂਚ ਅਧਿਕਾਰੀ ਵੱਲੋਂ ਕੀਤੀ ਗਈ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਵਿਆਹੁਤਾ ਦੇ ਪਤੀ ਸੰਜੀਵ ਕੁਮਾਰ, ਸੱਸ ਸੁਰਿੰਦਰ ਕੌਰ ਤੇ ਸਹੁਰਾ ਸੁਰਿੰਦਰ ਕੁਮਾਰ ਵਾਸੀ ਗੜ੍ਹਸ਼ੰਕਰ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News