ਕਰਜ਼ੇ ਤੋਂ ਪਰੇਸ਼ਾਨ ਇਕ ਹੋਰ ਕਿਸਾਨ ਨੇ ਦਿੱਤੀ ਜਾਨ, ਡੇਢ ਮਹੀਨੇ 'ਚ 7 ਕਿਸਾਨ ਚੜ੍ਹੇ ਮੌਤ ਦੀ ਭੇਂਟ

06/26/2017 1:23:55 PM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਕਰਜ਼ੇ ਤੋਂ ਪਰੇਸ਼ਾਨ ਹੋ ਕੇ ਇਕ ਹੋਰ ਕਿਸਾਨ ਨੇ ਰੇਲਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਭੋਲਾ ਸਿੰਘ ਪੁੱਤਰ ਬਾਬੂ ਸਿੰਘ (53) ਵਾਸੀ ਸੰਘੇੜਾ ਕੋਲ ਦੋ ਏਕੜ ਜ਼ਮੀਨ ਸੀ ਅਤੇ ਉਸ ਦੇ ਸਿਰ 'ਤੇ ਕਰੀਬ 16 ਲੱਖ ਰੁਪਏ ਦਾ ਕਰਜ਼ਾ ਸੀ, ਜਿਸ 'ਚੋਂ 10 ਲੱਖ ਰੁਪਏ ਬੈਂਕ ਦਾ, 1 ਲੱਖ ਕੋਆਪ੍ਰੇਟਿਵ ਸੁਸਾਇਟੀ ਦਾ ਅਤੇ ਕਰੀਬ 5 ਲੱਖ ਰੁਪਏ ਆੜ੍ਹਤੀ ਦਾ ਕਰਜ਼ਾ ਸੀ। ਇਸੇ ਪਰੇਸ਼ਾਨੀ ਕਾਰਨ ਬੀਤੀ ਰਾਤ 10 ਵਜੇ ਟਰਾਈਡੈਂਟ ਫੈਕਟਰੀ ਨੇੜੇ ਰੇਲਗੱਡੀ ਹੇਠਾਂ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ।
ਜ਼ਿਕਰਯੋਗ ਹੈ ਕਿ ਡੇਢ ਮਹੀਨੇ 'ਚ ਜ਼ਿਲੇ ਦੇ 7 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਇਸ ਤੋਂ ਪਹਿਲਾਂ 6 ਕਿਸਾਨ ਡੇਢ ਮਹੀਨੇ 'ਚ ਆਤਮਹੱਤਿਆ ਕਰ ਚੁੱਕੇ ਹਨ। ਸਭ ਤੋਂ ਪਹਿਲਾਂ 5 ਮਈ ਨੂੰ ਛੀਨੀਵਾਲ ਦੇ ਕਿਸਾਨ ਸੁਖਚੈਨ ਸਿੰਘ ਨੇ ਫਾਹਾ ਲੈ ਲਿਆ ਸੀ। ਇਸ ਤੋਂ ਅਗਲੇ ਹੀ ਦਿਨ ਜੋਧਪੁਰ ਦੇ ਕਿਸਾਨ ਕੌਰ ਸਿੰਘ ਨੇ ਖੁਦਕੁਸ਼ੀ ਕਰ ਲਈ, ਜਿਸ ਦੇ ਸਿਰ 5 ਲੱਖ ਦਾ ਕਰਜ਼ਾ ਸੀ। ਇਸ ਮਗਰੋਂ 11 ਮਈ ਨੂੰ ਠੀਕਰੀਵਾਲਾ ਦੇ ਕਿਸਾਨ ਸ਼ਮਸ਼ੇਰ ਸਿੰਘ ਨੇ ਖੁਦਕੁਸ਼ੀ ਕੀਤੀ। ਉਸ ਦੇ ਸਿਰ ਕਰੀਬ 40 ਲੱਖ ਰੁਪਏ ਦਾ ਕਰਜ਼ਾ ਸੀ। ਫਿਰ 15 ਮਈ ਨੂੰ ਢਿੱਲਵਾਂ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਉਸ ਦੇ ਸਿਰ ਵੀ ਸਾਢੇ ਚਾਰ ਲੱਖ ਰੁਪਏ ਦਾ ਕਰਜ਼ਾ ਸੀ। 25 ਮਈ ਨੂੰ ਚੁਹਾਨਕੇ ਖੁਰਦ ਦੇ ਕਿਸਾਨ ਜਗਸੀਰ ਸਿੰਘ ਨੇ ਸਪਰੇਅ ਪੀ ਕੇ ਮੌਤ ਨੂੰ ਗਲੇ ਲਾ ਲਿਆ।  29 ਮਈ ਨੂੰ ਸੰਘੇੜਾ ਦੇ ਕਿਸਾਨ ਜੁਗਰਾਜ ਸਿੰਘ ਪੁੱਤਰ ਧਰਮਪਾਲ ਵਾਸੀ ਸੰਘੇੜਾ ਨੇ ਫਾਹਾ ਲੈ ਲਿਆ ਸੀ।


Related News