ਕਿਸਾਨਾਂ ਦਾ ਕਰਜ਼ਾ ਮੁਆਫ ਕਰਕੇ ਕੈਪਟਨ ਨੇ ਚੰਗਾ ਕੰਮ ਕੀਤਾ: ਜਥੇਦਾਰ ਹਰਮੇਲ ਸਿੰਘ

06/24/2017 6:42:56 PM

ਬੱਧਨੀ ਕਲਾਂ(ਬੱਬੀ)— ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਕੇ ਬਹੁਤ ਚੰਗਾ ਕੰਮ ਕੀਤਾ ਹੈ। ਇਸ ਨਾਲ ਕਿਸਾਨਾਂ ਨੂੰ ਕੁਝ ਰਾਹਤ ਮਿਲੇਗੀ। ਇਹ ਪ੍ਰਗਟਾਵਾ ਜਥੇਦਾਰ ਹਰਮੇਲ ਸਿੰਘ ਪ੍ਰਧਾਨ ਬੁੱਟਰ ਕਲਾਂ ਨੇ ਸ਼ਨੀਵਾਰ ਨੂੰ ਇਥੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਜਦੋਂ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸਨ ਤਾਂ ਲੱਗਦਾ ਸੀ ਕਿ ਇਹ ਵਾਅਦੇ ਪੂਰੇ ਨਹੀਂ ਹੋਣਗੇ ਪਰ ਸੱਤਾ 'ਚ ਆਉਣ ਤੋਂ 3 ਮਹੀਨਿਆਂ ਦੇ ਅੰਦਰ-ਅੰਦਰ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੋਂ ਇਲਾਵਾ ਜ਼ਮੀਨ ਕੁਰਕੀ ਨੂੰ ਰੋਕਣ ਲਈ ਸੰਵਿਧਾਨ 'ਚ ਜੋ ਬਦਲਾਅ ਕੀਤਾ ਹੈ, ਇਸ ਨੂੰ ਪੰਜਾਬ ਦੇ ਕਿਸਾਨ ਕਦੇ ਭੁਲਾ ਨਹੀਂ ਸਕਣਗੇ। 
ਉਨ੍ਹਾਂ ਨੇ ਕਿਹਾ ਕਿ ਸਰਕਾਰ ਪੰਜਾਬ 'ਚ ਇੰਡਸਟਰੀਜ਼ ਲਾਉਣ ਲਈ ਵੀ ਜੋ ਕੋਸ਼ਿਸ਼ ਕਰ ਰਹੀ ਹੈ, ਉਸ ਨਾਲ ਜਿੱਥੇ ਬੇਰੋਜ਼ਗਾਰੀ ਘਟੇਗੀ, ਉਥੇ ਹੀ ਪੰਜਾਬ ਆਰਥਿਕ ਪੱਖੋਂ ਵੀ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਕੀਤੀ ਗਈ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਸੂਬੇ ਦੀ ਖੁਸ਼ਹਾਲੀ ਲਈ ਮਸਲੇ ਵਿਚਾਰੇ ਜਾਣ ਅਤੇ ਉਨ੍ਹਾਂ ਦਾ ਹੱਲ ਕੀਤਾ ਜਾਵੇ ਪਰ ਅਫਸੋਸ ਅਜਿਹਾ ਕਰਨ ਦੀ ਥਾਂ ਵਿਧਾਨ ਸਭਾ ਨੂੰ ਹੀ ਜੰਗ ਦਾ ਮੈਦਾਨ ਬਣਾ ਦਿੱਤਾ ਗਿਆ। ਉਨ੍ਹਾਂ ਨੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਧਾਨ ਸਭਾ 'ਚ ਪੇਸ਼ ਕੀਤੇ ਗਏ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਜਟ ਹਰ ਵਰਗ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ। 


Related News