ਕਿਸਾਨਾਂ ਦੀਆਂ ਉਮੀਦਾਂ ''ਤੇ ਫਿਰਿਆਂ ਪਾਣੀ, ਆਲੂ ਤੋਂ ਬਾਅਦ ਹੁਣ ਮੂੰਗੀ ਨੇ ਰੋਲਿਆ ਕਿਸਾਨ

06/27/2017 12:11:24 PM


ਮੋਗਾ(ਪਵਨ ਗਰੋਵਰ/ਗੋਪੀ ਰਾਊਕੇ)-ਇਕ ਪਾਸੇ ਜਿੱਥੇ ਸਰਕਾਰ ਅਤੇ ਸੂਬੇ ਦੇ ਖੇਤੀਬਾੜੀ ਮਹਿਕਮੇ ਵੱਲੋਂ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਦਾ ਖਹਿੜਾ ਛੱਡ ਕੇ ਫਸਲੀ ਵਿਭਿੰਨਤਾ ਵਾਲੀ ਖੇਤੀ ਕਰਨ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪਿਛਲੇ 6 ਮਹੀਨਿਆਂ ਤੋਂ ਵਿਭਿੰਨਤਾ ਵਾਲੀ ਖੇਤੀ ਕਰਨ ਵਾਲੇ ਕਿਸਾਨ ਕਸੂਤੇ ਫਸ ਗਏ ਹਨ ਕਿਉਂਕਿ ਪਹਿਲਾਂ ਆਲੂਆਂ ਦੇ ਅਸਲੋਂ ਮੰਦੇ ਰੇਟ ਕਰ ਕੇ ਆਪਣੀ ਫਸਲ ਨੂੰ ਸੁੱਟਣ ਵਾਲੇ ਕਿਸਾਨਾਂ ਨੇ ਇਸ ਆਸ ਨਾਲ 3 ਮਹੀਨੇ ਪਹਿਲਾਂ ਮੂੰਗੀ ਦੀ ਫਸਲ ਆਲੂਆਂ ਵਾਲੇ ਖੇਤਾਂ 'ਚ ਬੀਜੀ ਸੀ ਕਿ ਆਲੂਆਂ 'ਤੇ ਪਈ ਮੰਦੀ ਦੀ ਮਾਰ ਵੀ ਮੂੰਗੀ ਦੀ ਹੋਣ ਵਾਲੀ 'ਬੰਪਰ' ਫਸਲ 'ਚੋਂ ਕੱਢ ਲੈਣਗੇ ਪਰ ਹੁਣ ਮੰੂੰਗੀ ਦੇ ਰੇਟ ਵੀ ਡਿੱਗਣ ਕਾਰਨ ਕਿਸਾਨਾਂ ਦੀਆਂ ਸਮੁੱਚੀਆਂ ਆਸਾਂ 'ਤੇ ਪਾਣੀ ਫਿਰ ਗਿਆ ਹੈ। 
'ਜਗ ਬਾਣੀ' ਵੱਲੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਪਿਛਲੇ ਦਿਨਾਂ ਦੌਰਾਨ ਪਏ ਮੀਂਹ ਨਾਲ ਖੇਤਾਂ 'ਚ ਖੜ੍ਹੀ ਮੂੰਗੀ ਦਾ ਨੁਕਸਾਨ ਹੋਣ ਦੇ ਨਾਲ-ਨਾਲ ਫਸਲ ਦੇ ਘਟੇ ਰੇਟ ਕਰ ਕੇ ਕਿਸਾਨਾਂ ਨੇ ਮੂੰਗੀ ਦੀ ਫਸਲ ਨੂੰ ਖੇਤਾਂ 'ਚ ਹੀ ਵਾਹੁਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲੇ ਦੇ ਪਿੰਡ ਭਿੰਡਰ ਕਲਾਂ ਵਿਖੇ ਮੂੰਗੀ ਦੀ ਫਸਲ ਨੂੰ ਖੇਤਾਂ 'ਚ ਵਾਹ ਕੇ ਝੋਨੇ ਦੀ ਫਸਲ ਲਈ ਖੇਤ ਤਿਆਰ ਕਰਨ ਵਾਲੇ ਕਿਸਾਨ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਪਿਛਲੇ ਸਾਲ ਮੂੰਗੀ ਦੀ ਫਸਲ ਦਾ ਪ੍ਰਤੀ ਕੁਇੰਟਲ 5600-5700 ਰੁਪਏ ਰੇਟ ਸੀ ਪਰ ਇਸ ਵਾਰ ਇਹ ਘੱਟ ਕੇ 3600-3700 ਰੁਪਏ ਤੱਕ ਪੁੱਜ ਗਿਆ ਹੈ, ਜਿਸ ਕਾਰਨ ਕਟਾਈ ਅਤੇ ਮੂੰਗੀ ਨੂੰ ਕੱਢਣ ਦਾ ਸਾਰਾ ਖਰਚ ਕੱਢ ਕੇ ਕਿਸਾਨਾਂ ਦੇ ਪੱਲੇ ਕੱਖ ਵੀ ਨਹੀਂ ਪੈਂਦਾ, ਜਿਸ ਨਾਲ ਕਿਸਾਨਾਂ ਕੋਲ ਹੁਣ ਹੋਰ ਕੋਈ ਚਾਰਾ ਬਾਕੀ ਨਹੀਂ ਹੈ। ਕਿਸਾਨ ਨੇ ਦੱਸਿਆ ਕਿ ਮੂੰਗੀ ਦੀ ਫਸਲ 'ਤੇ ਬੀਜ ਅਤੇ ਹੋਰ ਖਰਚ ਵੱਖਰੇ ਪਏ ਹਨ, ਜਿਸ ਕਰ ਕੇ ਇਸ ਵਾਰ ਮੂੰਗੀ ਦੀ ਫਸਲ ਵੀ ਕਿਸਾਨਾਂ ਲਈ ਘਾਟੇ ਦਾ ਸੌਦਾ ਹੀ ਸਿੱਧ ਹੋਈ ਹੈ। ਪਿੰਡ ਮਹਿਰੋਂ ਦੇ ਇਕ ਹੋਰ ਕਿਸਾਨ ਨੇ ਦੱਸਿਆ ਕਿ ਪਿਛੇਤੀ ਮੂੰਗੀ ਦੀ ਫਸਲ ਲਈ ਮੀਂਹ ਕਹਿਰ ਬਣਿਆ ਹੈ। ਉਨ੍ਹਾਂ ਕਿਹਾ ਕਿ ਮੀਂਹ ਨਾਲ ਮੂੰਗੀ ਦੀ ਫਸਲ ਬੇਹੱਦ ਖਰਾਬ ਹੋਈ ਹੈ। ਖੇਤੀ ਖੇਤਰ 'ਤੇ ਆਰਥਿਕ ਸੰਕਟ ਛਾਏ ਹੋਏ ਹਨ, ਜਿਸ ਕਾਰਨ ਕਿਸਾਨ ਵਰਗ ਬੇਹੱਦ ਡੂੰਘੇ ਆਰਥਿਕ ਸੰਕਟ 'ਚੋਂ ਲੰਘ ਰਿਹਾ ਹੈ। ਪਿੰਡ ਭਿੰਡਰ ਕਲਾਂ ਦੇ ਕਿਸਾਨ ਗੁਰਭਿੰਦਰ ਸਿੰਘ ਮਾਨ ਦਾ ਦੱਸਣਾ ਸੀ ਕਿ ਸਰਕਾਰਾਂ ਨੂੰ ਵਿਭਿੰਨਤਾ ਵਾਲੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਔਖੇ ਵੇਲੇ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਪੰਜਾਬ ਦੀ ਕਿਸਾਨੀ ਨੂੰ ਆਰਥਿਕ ਪੱਖੋਂ ਪੈਰਾਂ ਸਿਰ ਖੜ੍ਹਾ ਕੀਤੇ ਬਿਨਾਂ ਕਿਸੇ ਤਰ੍ਹਾਂ ਵੀ ਪੰਜਾਬ ਦੀ ਤਰੱਕੀ ਸੰਭਵ ਨਹੀਂ ਹੈ।

ਸਰਕਾਰ ਸਾਰੀਆਂ ਫਸਲਾਂ ਦੇ ਪੱਕੇ ਰੇਟ ਨਿਸ਼ਚਿਤ ਕਰੇ : ਸੱਤਾ ਮੀਨੀਆ
ਕਿਸਾਨੀ ਕਿੱਤੇ ਨਾਲ ਸਿੱਧਾ ਸੰਬੰਧ ਰੱਖਣ ਵਾਲੇ ਯੂਥ ਅਕਾਲੀ ਆਗੂ ਸਤਵੰਤ ਸਿੰਘ ਸੱਤਾ ਮੀਨੀਆ ਦਾ ਕਹਿਣਾ ਸੀ ਕਿ ਜਿੰਨਾ ਸਮਾਂ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਜਾਣ ਵਾਲੀਆਂ ਸਾਰੀਆਂ ਵਿਭਿੰਨਤਾ ਵਾਲੀਆਂ ਫਸਲਾਂ ਦੇ ਪੱਕੇ ਰੇਟ ਨਿਸ਼ਚਿਤ ਨਹੀਂ ਕੀਤੇ ਜਾਂਦੇ, ਉਨਾ ਸਮਾਂ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਸਰਕਾਰ ਸਾਰੀਆਂ ਫਸਲਾਂ 'ਤੇ ਬੀਮਾ ਪ੍ਰਣਾਲੀ ਸਹੀ ਤਰੀਕੇ ਨਾਲ ਕਰੇ ਲਾਗੂ : ਬਰਾੜ
ਡਾਇਰੈਕਟਰ ਸੁਖਮੰਦਰ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਨੂੰ ਲਾਰੇਬਾਜ਼ੀ ਦੀ ਨੀਤੀ ਛੇਡ ਕੇ ਸਾਰੀਆਂ ਫਸਲਾਂ 'ਤੇ ਬੀਮਾ ਪ੍ਰਣਾਲੀ ਸਹੀ ਤਰੀਕੇ ਨਾਲ ਲਾਗੂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਵੀ ਫਸਲ ਦੀ ਬੀਜਾਈ ਹੁੰਦੀ ਹੈ, ਜੇਕਰ ਕਿਸੇ ਕਾਰਨ ਉਸ ਦਾ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਸਬੰਧਿਤ ਕਿਸਾਨਾਂ ਬੀਮਾ ਪ੍ਰਣਾਲੀ ਫਸਲ ਦਾ ਪੂਰਾ ਮੁਆਵਜ਼ਾ ਦੇਵੇ। ਸਰਕਾਰ ਦਾ ਕਰਜ਼ਾ ਮੁਆਫੀ ਐਲਾਨ ਵੀ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਹੈ, ਜੇਕਰ ਸਰਕਾਰ ਸੱਚਮੁੱਚ ਕਿਸਾਨ ਹਿਤੈਸ਼ੀ ਹੈ ਤਾਂ ਸਾਰੇ ਕਰਜ਼ਿਆਂ 'ਤੇ ਲਕੀਰ ਮਾਰੀ ਜਾਵੇ।


Related News