ਕਿਸਾਨ ਜਥੇਬੰਦੀਆਂ ਦੀ ਮੀਟਿੰਗ ''ਚ ਆਬਾਦਕਾਰ ਕਿਸਾਨਾਂ ਦਾ ਉਜਾੜਾ ਰੋਕਣ ਦਾ ਫੈਸਲਾ: ਪੰਨੂੰ

10/18/2017 6:32:58 PM

ਸੁਲਤਾਨਪੁਰ ਲੋਧੀ (ਧੀਰ)— ਚੰਡੀਗੜ੍ਹ ਵਿਖੇ 7 ਕਿਸਾਨ ਜਥੇਬੰਦੀਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵਿਖੇ ਹੋਈ ਮੀਟਿੰਗ 'ਚ ਮੰਡ ਹੁਸੈਨਪੁਰ ਬੂਲੇ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਆਬਾਦਕਾਰ ਜ਼ਮੀਨਾਂ ਤੋਂ ਵਾਂਝੇ ਨਹੀਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਚੰਡੀਗੜ੍ਹ ਤੋਂ ਵਾਪਸ ਪਰਤਣ ਉਪਰੰਤ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਨੇ ਕੀਤਾ। 
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਨਾਲ ਕਿਸਾਨਾਂ ਦੇ ਹੋਰ ਮਸਲੇ ਜਿਵੇਂ ਪਰਾਲੀ ਨੂੰ ਅੱਗ ਨਹੀਂ ਲਾਉਣਾ, ਫਸਲੀ ਕਰਜ਼ੇ ਮੁਆਫੀ ਆਦਿ ਤੋਂ ਬਾਅਦ ਮੰਡ ਹੂਸੈਨਪੁਰ ਬੂਲੇ ਦੇ ਕਿਸਾਨਾਂ ਨੂੰ ਉਜਾੜਨ ਸਬੰਧੀ ਕੈਪਟਨ ਸਾਹਿਬ ਦੇ ਧਿਆਨ 'ਚ ਲਿਆਂਦਾ ਕਿ ਕਿਸਾਨਾਂ ਨੇ ਪਿਛਲੇ 40-50 ਸਾਲਾਂ ਤੋਂ ਜ਼ਮੀਨ ਨੂੰ ਜੰਗਲਾਂ ਤੋਂ ਤਬਦੀਲ ਕਰਕੇ ਆਪਣੀ ਸਖਤ ਮਿਹਨਤ ਨਾਲ ਆਬਾਦ ਕੀਤਾ ਹੈ ਅਤੇ ਇਨ੍ਹਾਂ ਜ਼ਮੀਨਾਂ 'ਤੇ ਕਈ ਕਿਸਾਨਾਂ ਦੇ ਘਰ, ਖੇਤੀ ਮੋਟਰਾਂ ਆਦਿ ਵੀ ਲੱਗੀਆਂ ਹੋਈਆਂ ਹਨ। ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ ਤੇ ਕਿਸਾਨਾਂ ਦੀ ਝੋਨੇ ਦੀ ਫਸਲ ਜੋ ਪੁਲਸ-ਪ੍ਰਸ਼ਾਸਨ ਨੇ ਵੱਢਣ ਤੋਂ ਰੋਕੀ ਹੈ, ਉਹ ਕਿਸਾਨਾਂ ਨੂੰ ਵੇਚਣ ਦੇਣ। 
ਡਾ. ਪੰਨੂੰ ਨੇ ਦੱਸਿਆ ਕਿ ਸਰਕਾਰ ਦੇ ਧਿਆਨ 'ਚ ਲਿਆਂਦਾ ਗਿਆ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨ ਜਿਨ੍ਹਾਂ 'ਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਸਨ, ਆਪਣੀ ਆਬਾਦ ਕੀਤੀ ਜ਼ਮੀਨ 'ਚ ਟੈਂਟ ਲਾ ਕੇ ਜਿੱਥੇ ਆਪਣੀ ਫਸਲ ਦੀ ਰਾਖੀ ਕਰ ਰਹੇ ਹਨ ਉਥੇ ਸਰਕਾਰ ਖਿਲਾਫ ਅੰਦੋਲਨ ਵੀ ਜਾਰੀ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਮਸਲਾ ਸਿਰਫ ਕਿਸਾਨਾਂ ਦਾ ਵਢਾਉਣ ਤੱਕ ਸੀਮਿਤ ਨਹੀਂ ਹੈ, ਕਿਸਾਨਾਂ ਦੀਆਂ ਇਨ੍ਹਾਂ ਦੁਆਰਾ ਆਬਾਦ ਕੀਤੀਆਂ ਗਈਆਂ ਜ਼ਮੀਨਾਂ ਉਪਰ ਕਿਸਾਨਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ। ਅਬਾਦਕਾਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਲਈ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਸੂਬਾਈ ਕਮੇਟੀ ਦੇ ਆਗੂ ਇੰਦਰਜੀਤ ਸਿੰਘ ਕੋਟ ਬੁੱਢਾ, ਪਰਮਜੀਤ ਸਿੰਘ ਬਾਊਪੁਰ ਆਦਿ ਵੀ ਮੌਜੂਦ ਹਨ।


Related News