ਸਾਹਮਣੇ ਆਇਆ ਸਿੱਧੂ ਦੀ ਕਿਸਾਨਾਂ ''ਤੇ ਦਿਖਾਈ ਗਈ ਦਰਿਆਦਿਲੀ ਦਾ ਰਾਜ਼ (ਵੀਡੀਓ)

04/24/2017 9:12:10 PM

ਅੰਮ੍ਰਿਤਸਰ : ਹਲਕਾ ਅਜਨਾਲਾ ਦੇ ਪਿੰਡ ਓਠੀਆਂ ਦੇ ਕਿਸਾਨਾਂ ਲਈ ਨਵਜੋਤ ਸਿੰਘ ਸਿੱਧੂ ਵਲੋਂ ਦਿਖਾਈ ਗਈ ਦਰਿਆਦਿਲੀ ਦਾ ਕਾਰਨ ਸਾਹਮਣੇ ਆ ਗਿਆ ਹੈ। ਰਾਜਾਸਾਂਸੀ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ 300 ਏਕੜ ਫਸਲ ਨੁਕਸਾਨੇ ਜਾਣ ਤੋਂ ਬਾਅਦ ਪੀੜਤ ਕਿਸਾਨਾਂ ਨੂੰ ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਜੇਬ ਵਿਚੋਂ ਕੀਤੀ ਗਈ ਜਿਸ ਮਦਦ ਨੂੰ ਉਨ੍ਹਾਂ ਦੀ ਦਰਿਆਦਿਲੀ ਕਿਹਾ ਜਾ ਰਿਹਾ ਹੈ, ਉਹ ਦਰਅਸਲ ਵੋਟਰਾਂ ਵਲੋਂ 8 ਸਾਲ ਪਹਿਲਾਂ ਕੀਤੇ ਗਏ ਅਹਿਸਾਨ ਨੂੰ ਚੁਕਾਉਣ ਦਾ ਨਵਜੋਤ ਸਿੰਘ ਸਿੱਧੂ ਦਾ ਤਰੀਕਾ ਹੈ। ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਮੈਨੂੰ 16, 000 ਵੋਟਾਂ ਤੋਂ ਉਦੋਂ ਜਿਤਾਇਆ ਸੀ ਜਦੋਂ ਸਾਰਾ ਸ਼ਹਿਰ ਮੈਨੂੰ 50, 000 ਵੋਟਾਂ ''ਤੇ ਹਰਾ ਰਿਹਾ ਸੀ, ਉਸ ਵੇਲੇ ਰਾਜਾਸਾਂਸੀ ਦੇ ਲੋਕ ਮੇਰੇ ਨਾਲ ਖੜ੍ਹੇ ਹੋਏ ਸਨ, ਮੈਂ ਉਨ੍ਹਾਂ ਦੀ ਮਦਦ ਕਿਉਂ ਨਾ ਕਰਾਂ। ਵੀਡੀਓ ਵਿਚ ਤੁਸੀਂ ਵੀ ਦੇਖੋ ਕੀ ਕਹਿ ਰਹੇ ਹਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ।
ਦਰਅਸਲ ਇਹ ਕਹਾਣੀ ਸ਼ੁਰੂ ਹੁੰਦੀ ਹੈ 2009 ਵਿਚ। ਜਦੋਂ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਸਨ ਅਤੇ ਦੇਸ਼ ਭਰ ''ਚ ਕਾਂਗਰਸ ਦੀ ਹਨ੍ਹੇਰੀ ਸੀ ਪਰ ਇਸ ਹਨ੍ਹੇਰੀ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਆਪਣੀ ਸੀਟ 6858 ਵੋਟਾਂ ਤੋਂ ਜਿੱਤ ਹਾਸਲ ਕਰਕੇ ਬਚਾਉਣ ''ਚ ਸਫਲ ਰਹੇ ਸਨ ਅਤੇ ਉਨ੍ਹਾਂ ਦੀ ਇਸ ਜਿੱਤ ''ਚ ਰਾਜਾਸਾਂਸੀ ਦੇ ਨਾਲ-ਨਾਲ ਮਜੀਠਾ, ਅਟਾਰੀ, ਅਜਨਾਲਾ ਅਤੇ ਅੰਮ੍ਰਿਤਸਰ ਦੱਖਣੀ ਦੇ ਵੋਟਰਾਂ ਦਾ ਹੱਥ ਸੀ। ਉਸ ਸਮੇਂ ਚਾਰ ਪੇਂਡੂ ਹਲਕਿਆਂ ਵਿਚ ਸਿੱਧੂ ਨੇ 49424 ਵੋਟਾਂ ਦੀ ਲੀਡ ਹਾਸਲ ਕੀਤੀ ਸੀ।
ਅਟਾਰੀ ਤੋਂ ਸਿੱਧੂ ਨੂੰ 5760 ਵੋਟਾਂ ਦੀ ਲੀਡ ਹਾਸਲ ਹੋਈ, ਜਦੋਂ ਕਿ ਅਜਨਾਲਾ ਤੋਂ 8014 ਵੋਟਾਂ, ਰਾਜਾਸਾਂਸੀ ਤੋਂ 15249 ਵੋਟਾਂ, ਅੰਮ੍ਰਿਤਸਰ ਸਾਊਥ ਤੋਂ 1837 ਵੋਟਾਂ ਅਤੇ ਮਜੀਠਾ ਤੋਂ 20401 ਵੋਟਾਂ ਦੀ ਲੀਡ ਹਾਸਲ ਹੋਈ ਸੀ। ਦਰਅਸਲ ਨਵਜੋਤ ਸਿੰਘ ਸਿੱਧੂ ਇਸ ਚੋਣ ਦੌਰਾਨ ਸ਼ਹਿਰ ਵਿਚੋਂ ਬੁਰੀ ਤਰ੍ਹਾਂ ਪੱਛੜ ਗਏ ਸਨ। ਸਿੱਧੂ ਨੂੰ ਅੰਮ੍ਰਿਤਸਰ ਉੱਤਰੀ ਸੀਟ ਤੋਂ 5106 ਵੋਟਾਂ ਦਾ ਘਾਟਾ ਪਿਆ ਸੀ ਜਦਕਿ ਅੰਮ੍ਰਿਤਸਰ ਪੱਛਮੀ ਸੀਟ ''ਤੇ ਸਿੱਧੂ 20897 ਅਤੇ ਅੰਮ੍ਰਿਤਸਰ ਕੇਂਦਰੀ ਹਲਕੇ ਤੋਂ 10064 ਵੋਟਾਂ ਤੋਂ ਪੱਛੜੇ ਸਨ ਜਦਕਿ ਪੂਰੀ ਹਲਕੇ ਵਿਚ ਵੀ ਵਿਰੋਧੀ ਉਮਮੀਦਵਾਰ ਨੂੰ ਸਿੱਧੂ ਦੇ ਮੁਕਾਬਲੇ 8331 ਵੋਟ ਜ਼ਿਆਦਾ ਹਾਸਲ ਹੋਏ ਸਨ। ਇਸ ਲਿਹਾਜ਼ ਨਾਲ ਨਵਜੋਤ ਸਿੰਘ ਸਿੱਧੂ ਸ਼ਹਿਰ ਦੀਆਂ 4 ਵੱਡੀਆਂ ਸੀਟਾਂ ''ਤੇ 44398 ਵੋਟਾਂ ''ਤੇ ਪੱਛੜ ਗਏ ਸਨ। ਸ਼ਹਿਰ ਦੀ ਇਕਲੌਤੀ ਸੀਟ ਸੀ, ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਮਹਿਜ਼ 1837 ਵੋਟਾਂ ਦੀ ਲੀਡ ਮਿਲੀ ਸੀ ਅਤੇ ਇਸ ਲੀਡ ਸਦਕਾ ਹੀ ਸ਼ਹਿਰ ਵਿਚੋਂ ਕਾਂਗਰੇਸ ਉਮੀਦਵਾਰ ਨੂੰ ਹਾਸਲ ਹੋਈ ਲੀਡ ਕੁਝ ਘਟ ਕੇ 42561 ਵੋਟਾਂ ਰਹੀ ਗਈ ਸੀ। ਉਸ ਵੇਲੇ  ਪੇਂਡੂ ਵੋਟਰਾਂ ਨੇ ਨਵਜੋਤ ਸਿੰਘ ਸਿੱਧੂ ਦੀ ਸਾਖ ਬਚਾਈ ਸੀ। ਨਵਜੋਤ ਸਿੰਘ ਸਿੱਧੂ ਨੂੰ ਅਕਸਰ ਕਰਜ਼ ''ਚ ਡੁੱਬੇ ਰਹਿਣ ਵਾਲੇ ਪੰਜਾਬ ਦੇ ਕਿਸਾਨ ਵਲੋਂ 8 ਸਾਲ ਪਹਿਲਾਂ ਚੜ੍ਹਾਇਆ ਗਿਆ ਕਰਜ਼ ਉਤਾਰਨ ਦਾ ਹੁਣ ਸਮਾਂ ਮਿਲਿਆ ਤਾਂ ਉਨ੍ਹਾਂ ਨੇ ਇਹ ਐਲਾਨ ਕਰ ਦਿੱਤਾ।
ਹਾਲਾਂਕਿ ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਜੇਬ ਵਿੱਚੋਂ ਕਿਸਾਨਾਂ ਦੀ ਕੀਤੀ ਗਈ ਮਦਦ ਨੂੰ ਦਰਿਆਦਿਲੀ ਦੇ ਤੌਰ ''ਤੇ ਦੇਖਿਆ ਜਾ ਰਿਹਾ ਸੀ ਪਰ ਵਿਰੋਧੀ ਧਿਰ ਵੀ ਸਿੱਧੂ ਵਲੋਂ ਰਾਜਾਸਾਂਸੀ ਦੇ ਵੋਟਰਾਂ ਵਲੋਂ ਕੀਤੇ ਗਏ ਅਹਿਸਾਨ ਦਾ ਬਦਲਾ ਚੁਕਾਉਣ ਵਾਲੇ ਫਿਕਰੇ ''ਤੇ ਔਖਾ ਜਾਪ ਰਿਹਾ ਹੈ। ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਸਿੱਧੂ ''ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਬਹਿਰਹਾਲ ਖਰਾਬ ਮੌਸਮ ਕਾਰਨ ਅਤੇ ਅੱਗ ਕਾਰਨ ਨੁਕਸਾਨੀ ਗਈ ਕਿਸਾਨਾਂ ਦੀ ਫਸਲ ਦੇ ਮੁਆਵਜ਼ੇ ਲਈ ਗਿਰਦਾਵਰੀ ਹੋਣ ਨੂੰ ਅਜੇ ਸਮਾਂ ਲੱਗੇਗਾ ਅਤੇ ਸਰਕਾਰੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਇਸ ਸਪੱਸ਼ਟ ਹੋ ਸਕੇਗਾ ਕਿ ਨਵਜੋਤ ਸਿੰਘ ਸਿੱਧੂ ਆਪਣੀ ਜੇਬ ''ਚੋਂ ਕਿਸਾਨਾਂ ਨੂੰ ਕਿੰਨੀ ਮਦਦ ਦੇਣਗੇ ਪਰ ਇਸ ਮਦਦ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਵਲੋਂ ਇਸ ਨੂੰ ਵੋਟਰਾਂ ਦੇ ਅਹਿਸਾਨ ਚੁਕਾਉਣ ਦਾ ਤਰੀਕਾ ਦੱਸੇ ਜਾਣ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ ਅਤੇ ਇਹ ਵਿਵਾਦ ਕਿੱਥੋਂ ਤੱਕ ਜਾਂਦਾ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ।


Gurminder Singh

Content Editor

Related News