ਸਰਕਾਰਾਂ ਵੱਲੋਂ ਕਿਸਾਨਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹੈ : ਰਾਜੇਵਾਲ

10/19/2017 4:05:03 AM

ਗੁਰਾਇਆ(ਮੁਨੀਸ਼)-ਝੋਨੇ ਦੀ ਪਰਾਲੀ ਦੇ ਖਾਤਮੇ ਲਈ ਇਕੱਠੇ ਹੋਏ ਕਿਸਾਨਾਂ ਨੇ ਬੜਾ ਪਿੰਡ 'ਚ ਇਕ ਮੀਟਿੰਗ ਕੀਤੀ, ਜਿਸ ਵਿਚ ਬਲਵੀਰ ਸਿੰਘ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਮੀਟਿੰਗ 'ਚ ਪਰਾਲੀ ਦੇ ਖਾਤਮੇ ਲਈ ਕਿਸਾਨਾਂ ਨੇ ਆਪਸ 'ਚ ਵਿਚਾਰ-ਚਰਚਾ ਵੀ ਕੀਤੀ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਪੰਜਾਬ ਵਿਚ ਕਿਸਾਨ ਝੋਨੇ ਦੀ ਫਸਲ ਕੱਟ ਕੇ ਅਗਲੀ ਫਸਲ ਬੀਜਣ ਲਈ ਚਿੰਤਤ ਹਨ, ਕਿਉਂਕਿ ਸਰਕਾਰ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪਰਾਲੀ ਨੂੰ ਅੱਗ ਨਾ ਲਾਉਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੀ ਸਾਂਭ-ਸੰਭਾਲ ਲਈ ਕੋਈ ਵੀ ਬਦਲਵਾਂ ਪ੍ਰਬੰਧ ਸਰਕਾਰ ਵੱਲੋਂ ਨਹੀਂ ਕੀਤਾ ਗਿਆ, ਸਗੋਂ ਡੰਡੇ ਦੇ ਜ਼ੋਰ 'ਤੇ ਕਿਸਾਨਾਂ ਨੂੰ ਡਰਾਇਆ ਅਤੇ ਧਮਕਾਇਆ ਜਾ ਰਿਹਾ ਹੈ। ਜਮਹੂਰੀ ਕਿਸਾਨ ਸਭਾ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਖੇਤੀ ਸੰਕਟ 'ਚ ਫਸੇ ਕਿਸਾਨਾਂ ਲਈ ਪਰਾਲੀ ਵੱਡੀ ਮੁਸੀਬਤ ਬਣ ਗਈ ਹੈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਅੱਗ ਲਾਉਣ ਦਾ ਕੋਈ ਸ਼ੌਕ ਨਹੀਂ ਹੈ ਸਗੋਂ ਮਜਬੂਰੀ 'ਚ ਉਨ੍ਹਾਂ ਨੂੰ ਅਜਿਹਾ ਕੰਮ ਕਰਨਾ ਪਵੇਗਾ। ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਅੱਗ ਸਿਰਫ ਕੰਬਾਈਨ 'ਚੋਂ ਨਿਕਲੇ ਫੂਸ ਨੂੰ ਹੀ ਲਾਈ ਜਾਵੇਗੀ ਅਤੇ ਰੀਪਰ ਚਲਾਉਣ ਤੋਂ ਬਿਨਾਂ ਬਾਕੀ ਝੋਨੇ ਦੀਆਂ ਜੜ੍ਹਾਂ ਨੂੰ ਖੇਤਾਂ 'ਚ ਵਾਹਿਆ ਜਾਵੇਗਾ, ਜਿਸ ਨਾਲ ਸਿਰਫ 25 ਫੀਸਦੀ ਪ੍ਰਦੂਸ਼ਣ ਹੀ ਫੈਲੇਗਾ। ਇਨ੍ਹਾਂ ਕਿਸਾਨਾਂ ਨੇ ਸੰਕੇਤਕ ਤੌਰ 'ਤੇ ਕੰਬਾਈਨ 'ਚੋਂ ਨਿਕਲੇ ਫੂਸ ਨੂੰ ਅੱਗ ਲਾਈ। ਆਗੂਆਂ ਨੇ ਕਿਹਾ ਕਿ ਜੇ ਫਿਰ ਵੀ ਕਿਸਾਨਾਂ ਨੂੰ ਤੰਗ ਕੀਤਾ ਗਿਆ ਤਾਂ ਉਹ ਸਮੂਹਿਕ ਤੌਰ 'ਤੇ ਇਸ ਦਾ ਵਿਰੋਧ ਕਰਨਗੇ। ਇਸ ਮੌਕੇ ਰਵਿੰਦਰ ਸਿੰਘ, ਚੂਹੜ ਸਿੰਘ, ਜਸਵੀਰ ਸਿੰਘ ਕਮਾਲਪੁਰ, ਜਸਵਿੰਦਰ ਸਿੰਘ ਢੇਸੀ, ਨਵਦੀਪ ਸਿੰਘ, ਸ਼ਿੰਗਾਰਾ ਸਿੰਘ, ਬਲਵੰਤ ਸਿੰਘ, ਜੋਗਿੰਦਰ ਸਿੰਘ, ਨਿਰਮਲ ਸਿੰਘ ਤੇ ਸੁਖਵਿੰਦਰ ਸਿੰਘ ਆਦਿ ਮੌਜੂਦ ਸਨ।


Related News