ਕਰਜ਼ਾਈ ਕਿਸਾਨਾਂ ਨੇ ਕੀਤੀ ਆਤਮਹੱਤਿਆ

08/14/2017 6:55:57 AM

ਨਿਹਾਲ ਸਿੰਘ ਵਾਲਾ/ ਬਿਲਾਸਪੁਰ  (ਬਾਵਾ, ਜਗਸੀਰ, ਗੁਪਤਾ) - ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਲਾਇਨ ਨੂੰ ਹੋਰ ਲੰਬੀ ਕਰਦਿਆਂ ਅੱਜ ਹਲਕੇ ਦੇ ਇਕ ਹੋਰ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਕਿਸਾਨ ਰੂਪ ਸਿੰਘ (62) ਪੁੱਤਰ ਸਰਦਾਰਾ ਸਿੰਘ ਵਾਸੀ ਧੂੜਕੋਟ ਰਣਸੀਂਹ ਦੇ ਸਕੇ ਭਰਾ ਨੰਬਰਦਾਰ ਅਮਰ ਸਿੰਘ ਨੇ ਦਿੱਤੇ ਬਿਆਨਾਂ 'ਚ ਦੱਸਿਆ ਕਿ ਮੇਰਾ ਭਰਾ ਪਿਛਲੇ ਕਾਫੀ ਸਮੇਂ ਤੋਂ ਕਰਜ਼ੇ ਦੀ ਮਾਰ ਕਾਰਨ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਘਰ 'ਚ ਪਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨੂੰ ਅਸੀਂ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।  ਮ੍ਰਿਤਕ ਦੇ ਭਤੀਜੇ ਦਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਚਾਚੇ ਕੋਲ 1 ਏਕੜ ਆਪਣੀ ਜ਼ਮੀਨ ਹੈ ਅਤੇ ਬਾਕੀ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ ਤੇ ਪਿਛਲੇ ਕਾਫੀ ਸਮੇਂ ਤੋਂ ਖੇਤੀ ਵਿਚ ਲਗਾਤਾਰ ਘਾਟਾ ਪੈ ਰਿਹਾ ਸੀ। ਉਨ੍ਹਾਂ ਸਿਰ 2 ਲੱਖ ਰੁਪਏ ਬੈਂਕ ਦਾ, 2 ਲੱਖ ਰੁਪਏ ਆੜ੍ਹਤੀਏ ਦਾ ਅਤੇ 3 ਲੱਖ ਰੁਪਏ ਦੀ ਕਰਜ਼ਾ ਪਿੰਡ 'ਚੋਂ ਨਿੱਜੀ ਤੌਰ 'ਤੇ ਫੜਿਆ ਹੋਇਆ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨਿਹਾਲ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਫੈਲੀ ਸਿੰਘ ਅਤੇ ਹੌਲਦਾਰ ਰਜਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਸੌਦਾਗਰ ਸਿੰਘ ਖਾਈ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦਾ ਕਰਜ਼ਾ ਮੁਆਫ ਕਰਨ, ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ।


Related News