ਖੇਤ ਮਜ਼ਦੂਰਾਂ ਨੇ ਫੂਕੇ ਸਰਕਾਰ ਦੇ ਪੁਤਲੇ

06/25/2017 1:16:13 AM

ਸ੍ਰੀ ਮੁਕਤਸਰ ਸਾਹਿਬ,   (ਪਵਨ, ਭੁਪਿੰਦਰ)- ਪੰਜਾਬ ਦੀ ਕੈਟਪਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਸਰ ਸਰਕਾਰ ਵੱਲੋਂ ਹਾਲ ਹੀ ਵਿਚ ਪੇਸ਼ ਕੀਤੇ ਗਏ ਆਮ ਬਜਟ 'ਚ ਖੇਤ ਮਜ਼ਦੂਰਾਂ ਨੂੰ ਬਿਲਕੁਲ ਹੀ ਨਜ਼ਰ ਅੰਦਾਜ਼ ਕਰਨ ਦੇ ਰੋਸ ਵਜੋਂ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਨੇੜਲੇ ਪਿੰਡ ਆਸਾ ਬੁੱਟਰ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜਥੇਬੰਦੀ ਦੇ ਜ਼ਿਲਾ ਕਮੇਟੀ ਮੈਂਬਰ ਬਾਜ ਸਿੰਘ ਦੀ ਅਗਵਾਈ 'ਚ ਕੀਤੇ ਗਏ ਇਸ ਰੋਸ ਪ੍ਰਦਰਸ਼ਨ 'ਚ ਵੱਡੀ ਗਿਣਤੀ ਵਿਚ ਮਜ਼ਦੂਰ ਔਰਤਾਂ ਤੇ ਬੱਚਿਆਂ ਨੇ ਵੀ ਭਾਗ ਲਿਆ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਖਿਲਾਫ਼  ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕਿਸਾਨ ਵਰਗ ਦੇ ਨਾਲ ਖੇਤੀ ਧੰਦੇ ਵਿਚ ਜੁੜੇ ਖੇਤ ਮਜ਼ਦੂਰ ਵੀ ਲੰਬੇ ਸਮੇਂ ਤੋਂ ਖੇਤੀ ਖੇਤਰ 'ਚ ਆ ਰਹੀਆਂ ਦੁਸ਼ਵਾਰੀਆਂ ਨਾਲ ਦੋ-ਚਾਰ ਹੋ ਰਹੇ ਹਨ। ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ ਕਿਸਾਨਾਂ ਨਾਲੋਂ ਵੱੱਧ ਹਨ। ਉਨ੍ਹਾਂ ਕਿਹਾ ਕਿ ਖੇਤੀ ਦਾ ਮਸ਼ੀਨੀ ਕਰਨ ਹੋਣ ਨਾਲ ਉਨ੍ਹਾਂ ਦੇ ਕੰਮ ਦੇ ਮੌਕੇ ਘੱਟ ਰਹੇ ਹਨ। ਜਿੰਨਾ ਕੰਮ ਮਿਲਦਾ ਹੈ, ਉਹ ਵੀ ਮੌਸਮੀ ਕਰੋਪੀ ਜਾਂ ਕਿਸੇ ਹੋਰ ਕਾਰਨ ਘੱਟਦਾ ਜਾ ਰਿਹਾ ਹੈ। ਇਸ ਲਈ ਖੇਤ ਮਜ਼ਦੂਰਾਂ ਵੱਲੋਂ ਆਪਣੇ ਜਿਊਣ ਯੋਗ ਹਾਲਾਤ ਬਣਾਈ ਰੱਖਣ ਲਈ ਕਿਸਾਨਾਂ ਦੇ ਬਰਾਬਰ ਹੀ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰ ਖੇਤ ਮਜ਼ਦੂਰਾਂ ਨੂੰ ਹਮੇਸ਼ਾ ਅਣਗੌਲਿਆ ਕਰਦੀ ਆ ਰਹੀ ਹੈ, ਜਿਸ ਕਰਕੇ ਮਜ਼ਦੂਰ ਵਰਗ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। 
ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਇਕ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਹੀ ਸਰਮਾਏਦਾਰਾਂ ਦਾ ਪੱਖ ਪੂਰ ਰਹੀ ਹੈ, ਜਦਕਿ ਦੂਜੇ ਪਾਸੇ ਕਰਜ਼ੇ ਤੋਂ ਤੰਗ ਆਏ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਕਿਸਾਨਾਂ ਵਾਂਗ ਖੇਤ ਮਜ਼ਦੂਰਾਂ ਦੇ ਵੀ ਕਰਜ਼ੇ ਮੁਆਫ਼ ਕੀਤੇ ਜਾਣ, ਖੇਤ ਮਜ਼ਦੂਰਾਂ ਲਈ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ, ਪੰਚਾਇਤੀ ਜ਼ਮੀਨਾਂ ਵਿਚੋਂ ਘਰ ਬਣਾਉਣ ਲਈ ਪਲਾਟ ਦਿੱਤੇ ਜਾਣ, ਬਿਜਲੀ ਮੁਆਫ਼ੀ ਤੋਂ ਇਲਾਵਾ ਆਟਾ-ਦਾਲ ਸਕੀਮ ਦਾ ਲਾਭ ਦਿੱਤਾ ਜਾਵੇ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਜਸਪ੍ਰੀਤ ਸਿੰਘ, ਬਿੰਦਰ ਸਿੰਘ, ਮੇਹਰ ਸਿੰਘ, ਲਹੋਰਾ ਸਿੰਘ, ਜੀਤ ਸਿੰਘ, ਸੁਖਪਾਲ ਕੌਰ, ਮਨਪ੍ਰੀਤ ਕੌਰ, ਗੁਰਮੀਤ ਕੌਰ, ਰਾਣੀ ਕੌਰ, ਪਾਲੋ ਕੌਰ ਪਿੰਡ ਆਸਾ ਬੁੱਟਰ, ਗਨਸੀ ਸਿੰਘ ਭੁੱਟੀਵਾਲਾ ਆਦਿ ਹਾਜ਼ਰ ਸਨ।
ਸਾਦਿਕ, (ਪਰਮਜੀਤ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਿਸਾਨਾਂ ਲਈ ਭਿਖਾਰੀ ਸ਼ਬਦ ਦੀ ਵਰਤੋਂ ਕਰਨ ਦਾ ਵਿਰੋਧ ਕਰਦੇ ਹੋਏ ਪਿੰਡ-ਪਿੰਡ ਪੁਤਲੇ ਫੂਕੇ ਗਏ। ਮੁਮਾਰਾ, ਸੰਗਰਾਹੂਰ, ਝੋਕ ਸਰਕਾਰੀ, ਕਾਉਣੀ, ਮਰਾੜ੍ਹ, ਘੁੱਦੂਵਾਲਾ, ਬੀਹਲੇਵਾਲਾ ਆਦਿ ਪਿੰਡਾਂ ਵਿਚ ਪੁਤਲੇ ਫੂਕਣ ਉਪਰੰਤ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਬੋਹੜ ਸਿੰਘ ਰੁਪਈਆਂਵਾਲਾ, ਬਖਤੌਰ ਸਿੰਘ ਸਾਦਿਕ, ਗੁਰਬਚਨ ਸਿੰਘ ਗੁੱਜਰ ਤੇ ਕੁਲਵੰਤ ਸਿੰਘ ਜਨੇਰੀਆਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਦੇ ਵਿਚਾਰ ਹਮੇਸ਼ਾ ਕਿਸਾਨੀ ਵਿਰੁੱੱਧ ਰਹੇ, ਜਦੋਂ ਉਹ ਅਕਾਲੀ ਦਲ ਦੀ ਸਰਕਾਰ ਵਿਚ ਸਨ, ਉਸ ਸਮੇਂ ਵੀ ਉਨ੍ਹਾਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਬੰਦ ਕਰਨ ਲਈ ਕਿਹਾ ਸੀ ਅਤੇ ਹੁਣ ਕਾਂਗਰਸ ਦੀ ਸਰਕਾਰ ਵਿਚ ਆ ਕੇ ਉਨ੍ਹਾਂ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਦੋਂਕਿ ਅਸਲੀਅਤ ਇਹ ਹੈ ਕਿ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ। 
ਇਸ ਮੌਕੇ ਰਾਜਿੰਦਰ ਸਿੰਘ ਸਾਦਿਕ, ਬਖਤੌਰ ਸਿੰਘ ਸਾਦਿਕ, ਗੁਰਬਚਨ ਸਿੰਘ ਗੁੱਜਰ, ਕੁਲਵੰਤ ਸਿੰਘ ਜਨੇਰੀਆਂ, ਗੁਰਮੀਤ ਸਿੰਘ ਵੀਰੇਵਾਲਾ, ਸੰਧੂਰਾ ਸਿੰਘ ਸਾਧੂਵਾਲਾ, ਬਿੰਦਰ ਸਿੰਘ ਘੁੱਦੂਵਾਲਾ, ਜਗਸੀਰ ਸਿੰਘ ਸਾਧੂਵਾਲਾ, ਮੇਜਰ ਸਿੰਘ ਬੀਹਲੇਵਾਲਾ, ਭਜਨ ਸਿੰਘ ਕਾਉਣੀ, ਹਰਨੇਕ ਸਿੰਘ ਮਿੱਡੂਮਾਲ, ਜਸਵੀਰ ਸਿੰਘ ਮਿੱਡੂਮਾਨ, ਤੋਤਾ ਸਿੰਘ ਜੰਡਵਾਲਾ, ਸਲੱਖਣ ਸਿੰਘ, ਦਲਜੀਤ ਸਿੰਘ ਸਮੇਤ ਪਿੰਡਾਂ ਦੇ ਅਨੇਕਾਂ ਕਿਸਾਨ ਹਾਜ਼ਰ ਸਨ।
ਕੋਟਕਪੂਰਾ, (ਨਰਿੰਦਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਲਾਕ ਕੋਟਕਪੂਰਾ ਦੇ ਪ੍ਰਧਾਨ ਸੁਖਮੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਦੇਵੀਵਾਲਾ, ਸਿਰਸੜੀ, ਢਾਬ, ਬਾਹਮਣਵਾਲਾ, ਵਾਂਦਰ ਜਟਾਣਾ, ਢੀਮਾਂਵਾਲੀ, ਚੱਕ ਕਲਿਆਣ ਆਦਿ ਪਿੰਡਾਂ ਵਿਖੇ ਵਿੱਤ ਮੰਤਰੀ ਪੰਜਾਬ ਦੇ ਪੁਤਲੇ ਫੂਕੇ ਗਏ। ਇਸ ਮੌਕੇ ਜ਼ਿਲਾ ਪ੍ਰੈੱਸ ਸਕੱਤਰ ਸੁਰਿੰਦਰ ਸਿੰਘ ਮੌੜ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਜਥੇਬੰਦੀ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਿਸਾਨ ਦੀ ਤੁਲਨਾ ਮੰਗਤਿਆਂ ਨਾਲ ਕਰਨ ਦੀ ਨਿਖੇਧੀ ਕੀਤੀ ਗਈ। ਜਥੇਬੰਦੀ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਵਿੱਤ ਮੰਤਰੀ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। 
ਇਸ ਦੌਰਾਨ ਸੁਰਿੰਦਰ ਸਿੰਘ ਮੌੜ ਨੇ ਕਿਹਾ ਕਿ ਜੇਕਰ ਸੂਬਾ ਅਤੇ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਆਰਥਿਕ ਤੰਗੀਆਂ ਨੂੰ ਵੇਖਦੇ ਹੋਏ ਫ਼ਸਲਾਂ ਦੇ ਰੇਟ ਦਿੱਤੇ ਹੁੰਦੇ ਤਾਂ ਕਿਸਾਨੀ ਖੁਦਕੁਸ਼ੀਆਂ ਘੱਟ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਕਿਸਾਨ ਕੋਈ ਭੀਖ ਨਹੀਂ ਮੰਗ ਰਹੇ ਸਗੋਂ ਉਹ ਤਾਂ ਆਪਣੇ ਹੱਕ ਮੰਗਦੇ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ। 


Related News