ਪੰਚਾਇਤੀ ਗ੍ਰਾਂਟਾਂ ਦੀ ਜਾਂਚ ਤੇ ਮਟੀਰੀਅਲ ਚੈਕਿੰਗ ਖਿਲਾਫ ਫਰੀਦਕੋਟ ਦੀਆਂ ਪੰਚਾਇਤਾਂ ਹੋਈਆਂ ਇਕਜੁੱਟ

06/25/2017 1:28:24 AM

ਫਰੀਦਕੋਟ,  (ਹਾਲੀ)- ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਲਈ ਦਿੱਤੀਆਂ ਗਈਆਂ ਗ੍ਰਾਂਟਾਂ ਦਾ ਆਡਿਟ ਅਤੇ ਵਰਤੇ ਗਏ ਮਟੀਰੀਅਲ ਦੀ ਚੈਕਿੰਗ ਲਈ ਬਣਾਈਆਂ ਗਈਆਂ ਟੀਮਾਂ ਦੇ ਖਿਲਾਫ਼ ਜ਼ਿਲਾ ਪੰਚਾਇਤ ਯੂਨੀਅਨ ਫਰੀਦਕੋਟ ਦੇ ਪ੍ਰਧਾਨ ਗੁਰਸ਼ਵਿੰਦਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਇਕ ਹੰਗਾਮੀ ਮੀਟਿੰਗ ਸਥਾਨਕ ਰਾਧਾ ਕ੍ਰਿਸ਼ਨ ਧਾਮ ਵਿਖੇ ਹੋਈ, ਜਿਸ ਵਿਚ ਫਰੀਦਕੋਟ ਦੇ ਤਿੰਨਾਂ ਬਲਾਕਾਂ ਦੇ ਸਮੂਹ ਸਰਪੰਚ ਅਤੇ ਪੰਚ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਸ਼ਵਿੰਦਰ ਸਿੰਘ ਬਰਾੜ ਜ਼ਿਲਾ ਪ੍ਰਧਾਨ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਕਰਵਾਏ ਵਿਕਾਸ ਕਾਰਜਾਂ ਦੇ ਨਿਰੀਖਣ ਲਈ ਟੈਕਨੀਕਲ ਵਿੰਗ ਦੇ ਐਕਸੀਅਨ ਪੱਧਰ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਗਠਿਤ ਕੀਤੀਆਂ ਜਾਣ ਵਾਲੀਆਂ ਕਮੇਟੀਆਂ ਦੇ ਵਿਰੁੱਧ ਸਮੂਹ ਪੰਚਾਇਤਾਂ ਨੇ ਕਮਰ-ਕੱਸੇ ਕੱਸ ਲਏ ਹਨ ਕਿਉਂਕਿ ਇਸ ਸਬੰਧੀ ਪੰਜਾਬ ਲੋਕ ਨਿਰਮਾਣ ਵਿਭਾਗ ਨੇ ਸਮੁੱਚੇ ਜ਼ਿਲਿਆਂ ਅੰਦਰ ਸਮੂਹ ਨਿਗਰਾਨ ਇੰਜੀਨੀਅਰਾਂ ਨੂੰ ਪੱਤਰ ਜਾਰੀ ਕਰ ਕੇ ਪੰਚਾਇਤ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਆਡਿਟ/ਨਿਰੀਖਣ ਲਈ ਕਮੇਟੀਆਂ ਬਣਾਈਆਂ ਹਨ, ਜਿਸ ਨੂੰ ਜ਼ਿਲੇ ਦੇ ਸਮੂਹ ਸਰਪੰਚ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀ ਚੈਕਿੰਗ ਉਪਰ ਲਾਏ ਹਨ, ਉਹ ਆਪਣੀ ਪੀੜੀ ਥੱਲੇ ਸੋਟਾ ਫ਼ੇਰਨ ਕਿ ਪੰਚਾਇਤ ਜਿਸ ਕੰਮ ਨੂੰ 5 ਲੱਖ ਰੁਪਏ ਵਿਚ ਕਰਦੀ ਹੈ, ਉਹ ਉਸੇ ਕੰਮ ਨੂੰ 8 ਲੱਖ ਰੁਪਏ ਵਿਚ ਪੂਰਾ ਕਰਦੇ ਹਨ ਕਿਉਂਕਿ ਉਨ੍ਹਾਂ ਵੱਲੋਂ ਖਰੀਦੇ ਗਏ ਮਟੀਰੀਅਲ ਦੇ ਰੇਟ ਪੰਚਾਇਤੀ ਰੇਟਾਂ ਨਾਲੋਂ ਬਹੁਤ ਜ਼ਿਆਦਾ ਹੁੰਦੇ ਹਨ। ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜੇਕਰ ਸਰਕਾਰ ਨੇ ਇਹ ਚੈਕਿੰਗ ਬੰਦ ਨਾ ਕੀਤੀ ਤਾਂ ਸਮੂਹ ਸਰਪੰਚ ਚੈਕਿੰਗ ਲਈ ਬਣਾਈਆਂ ਟੀਮਾਂ ਨੂੰ ਪਿੰਡਾਂ ਵਿਚ ਦਾਖਲ ਨਹੀਂ ਹੋਣ ਦੇਣਗੇ ਅਤੇ ਇਸ ਸਮੇਂ ਵਾਪਰੀ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਸਮੂਹ ਸਰਪੰਚਾਂ ਨੇ ਪਿਛਲੇ ਸਮੇਂ ਦੌਰਾਨ ਸਰਪੰਚਾਂ ਨੂੰ ਮਿਲਣ ਵਾਲਾ ਬੰਦ ਪਿਆ ਮਾਣ ਭੱਤਾ ਤੁਰੰਤ ਜਾਰੀ ਕਰਨ ਦੀ ਸਰਕਾਰ ਤੋਂ ਮੰਗ ਵੀ ਕੀਤੀ। ਇਸ ਤੋਂ ਇਲਾਵਾ ਸਮੂਹ ਜ਼ਿਲੇ ਵਿਚ ਪੰਚਾਇਤਾਂ ਅਤੇ ਮਹਿਕਮਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਫ਼ੀਲਡ ਸਟਾਫ਼ ਨੂੰ ਵਿਕਾਸ ਦੇ ਕੰਮਾਂ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ ਗਈ।  ਇਸ ਸਮੇਂ ਨਿਰਮਲ ਸਿੰਘ ਸੰਘਾ ਬਲਾਕ ਪ੍ਰਧਾਨ ਫਰੀਦਕੋਟ, ਅਮਰਪ੍ਰੀਤ ਸਿੰਘ ਪਾਲੀ ਬਲਾਕ ਪ੍ਰਧਾਨ ਬਲਾਕ ਕੋਟਕਪੂਰਾ, ਬਸੰਤ ਸਿੰਘ ਹਰੀ ਨੌ, ਬਲਜੀਤ ਸਿੰਘ ਚਹਿਲ, ਗੁਰਜੀਤ ਸਿੰਘ ਪਹਿਲੂਵਾਲਾ, ਲਖਵਿੰਦਰ ਸਿੰਘ ਵੀਰੇਵਾਲਾ ਖੁਰਦ, ਸੁਖਦੇਵ ਸਿੰਘ ਸੰਗਰਾਹੂਰ, ਬੇਅੰਤ ਸਿੰਘ ਢਿੱਲੋਂ ਜ਼ਿਲਾ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ ਅਤੇ ਗੁਰਜੰਟ ਸਿੰਘ ਜ਼ਿਲਾ ਪ੍ਰਧਾਨ ਵੀ. ਡੀ. ਓ. ਯੂਨੀਅਨ ਹਾਜ਼ਰ ਸਨ।


Related News