ਪਰਿਵਾਰਕ ਮੈਂਬਰਾਂ ਕੌਮੀ ਸ਼ਾਹ ਮਾਰਗ ''ਤੇ ਲਾਸ਼ ਰੱਖ ਕੇ ਲਾਇਆ ਜਾਮ

06/27/2017 12:57:01 AM

ਮਲੋਟ,   (ਜੁਨੇਜਾ)- ਪਿੰਡ ਸਰਾਵਾਂ ਬੋਦਲਾਂ ਵਾਸੀ ਇਕ ਪੁਲਸ ਹੌਲਦਾਰ ਦੀ ਕੱਲ ਹਰਿਆਣਾ ਵਿਖੇ ਟਰੱਕ ਹੇਠ ਆਉਣ ਕਾਰਨ ਮੌਤ ਹੋਣ ਪਿੱਛੋਂ ਉਸ ਦੇ ਪਰਿਵਾਰ ਨੇ ਲਾਸ਼ ਦਿੱਲੀ-ਅਬੋਹਰ ਕੌਮੀ ਸ਼ਾਹ ਮਾਰਗ 'ਤੇ ਰੱਖ ਕੇ ਜਾਮ ਲਾ ਦਿੱਤਾ। ਪਰਿਵਾਰ ਤੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਮ੍ਰਿਤਕ ਨੂੰ ਉਸ ਦੀ ਨੌਕਰੀ ਵਾਲੇ ਜ਼ਿਲੇ ਫਾਜ਼ਿਲਕਾ ਦੀ ਪੁਲਸ ਵੱਲੋਂ ਦਿੱਤੀ ਮਾਨਸਿਕ ਪ੍ਰੇਸ਼ਾਨੀ ਕਾਰਨ ਉਸ ਦੀ ਮੌਤ ਹੋਈ ਹੈ, ਇਸ ਲਈ ਉਸ ਦੀ ਮੌਤ ਲਈ ਜ਼ਿੰਮੇਵਾਰ ਪੁਲਸ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। 
ਮ੍ਰਿਤਕ ਸੁਰਜੀਤ ਦੇ ਪੁੱਤਰ ਖੁਸ਼ਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਉਸ ਦੇ ਪਿਤਾ ਵਿਰੁੱਧ ਦਰਜ ਮਾਮਲੇ ਦੀ ਆੜ ਵਿਚ ਉਸ ਦੇ ਸਾਰੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖ ਕੇ ਜਲੀਲ ਕੀਤਾ, ਜਦਕਿ ਉਸ ਦੇ ਪਿਤਾ ਨੂੰ ਜ਼ਮਾਨਤ ਮਿਲ ਚੁੱਕੀ ਹੈ। ਉਸ ਦਾ ਕਹਿਣਾ ਹੈ ਕਿ ਪੁਲਸ ਅਧਿਕਾਰੀਆਂ ਵੱਲੋਂ ਦਿੱਤੀ ਜ਼ਲਾਲਤ ਕਰਨ ਉਸ ਦੇ ਪਿਤਾ ਨੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਮੌਕੇ ਜਾਮ ਲਾ ਕੇ ਬੈਠੇ ਪਿੰਡ ਵਾਸੀਆਂ ਨੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ ਸੁਰਜੀਤ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਹੋਵੇ।


Related News