ਪਰਿਵਾਰਕ ਮੈਂਬਰਾਂ ਨੇ ਹਸਪਤਾਲ ਅੱਗੇ ਦਿੱਤਾ ਧਰਨਾ

07/23/2017 3:55:01 AM

ਭਿੱਖੀਵਿੰਡ,   (ਰਾਜੀਵ)-  ਸਰਕਾਰੀ ਹਸਪਤਾਲ ਸੁਰਸਿੰਘ ਵਿਖੇ ਸਟਾਫ ਦੀ ਅਣਗਹਿਲੀ ਨਾਲ ਰੁਟੀਨ ਚੈੱਕਅਪ ਕਰਵਾਉਣ ਆਈ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁੱਸੇ 'ਚ ਆਏ ਮ੍ਰਿਤਕ ਔਰਤ ਪਰਮਜੀਤ ਕੌਰ (30) ਦੇ ਪਤੀ ਸਰੂਪ ਸਿੰਘ ਵਾਸੀ ਪੱਧਰੀ ਕਲਾ ਤੇ ਲੜਕੀ ਦੇ ਭਰਾ ਗੁਰਪ੍ਰੀਤ ਸਿੰਘ, ਭੈਣ ਮਲਕੀਤ ਕੌਰ, ਲ਼ਖਵਿੰਦਰ ਕੌਰ, ਜਸਵਿੰਦਰ ਸਿੰਘ, ਹਰਪਾਲ ਸਿੰਘ ਆਦਿ ਪਰਿਵਾਰਕ ਮੈਂਬਰਾਂ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਪੱਟੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਵੱਲੋਂ ਹਸਪਤਾਲ ਅੱਗੇ ਧਰਨਾ ਦਿੱਤਾ ਗਿਆ ਤੇ ਐੱਸ. ਐੱਮ. ਓ. ਸੁਰਸਿੰਘ ਤੇ ਸਮੂਹ ਸਟਾਫ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਨਾਅਰੇਬਾਜ਼ੀ ਨੂੰ ਦੇਖਦੇ ਹੋਏ ਐੱਸ. ਐੱਮ. ਓ. ਨੇ ਇਥੋਂ ਖਿਸਕਣ ਦੀ ਕੋਸ਼ਿਸ਼ ਕੀਤੀ ਤਾਂ ਪਬਲਿਕ ਵੱਲੋਂ ਉਨ੍ਹਾਂ ਨੂੰ ਰੋਕ ਲਿਆ ਗਿਆ ਤੇ ਉਨ੍ਹਾਂ ਕਿਹਾ ਕਿ ਸੋਮਵਾਰ ਤੱਕ ਸਾਰਾ ਮਸਲਾ ਹੱਲ ਹੋ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰੂਪ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਪਤਨੀ ਪਰਮਜੀਤ ਕੌਰ ਨਾਲ ਸਰਕਾਰੀ ਹਸਪਤਾਲ ਸੁਰਸਿੰਘ ਵਿਖੇ ਰੁਟੀਨ ਚੈੱਕਅਪ ਕਰਵਾਉਣ ਆਏ ਸੀ ਕਿਉਂਕਿ ਉਸ ਦੀ ਪਤਨੀ ਗਰਭਵਤੀ ਸੀ ਤੇ ਉਸ ਦੇ ਪੇਟ 'ਚ 6 ਮਹੀਨਿਆਂ ਦਾ ਬੱਚਾ ਸੀ। ਉਸ ਨੇ ਦੱਸਿਆ ਕਿ ਜਦੋਂ ਅਸੀਂ ਦੋ ਤਿੰਨ ਦਿਨ ਪਹਿਲਾਂ ਹਸਪਤਾਲ ਆਏ ਸੀ ਤਾਂ ਸਾਨੂੰ ਇਨ੍ਹਾਂ ਕਿਹਾ ਸੀ ਕਿ ਉਸ ਦੀ ਪਤਨੀ 'ਚ ਪਾਣੀ ਘੱਟ ਹੈ ਤੇ ਗੁਲੂਕੋਜ਼ ਦੀਆਂ ਬੋਤਲਾਂ ਲਗਵਾਉਣੀਆਂ ਪੈਣੀਆਂ ਹਨ ਜਿਸ ਕਰਕੇ ਇਨ੍ਹਾਂ ਨੇ ਉਸ ਕੋਲੋਂ 1000 ਰੁਪਏ ਵੀ ਲਏ ਸੀ। ਜਦੋਂ 16/7/2017 ਨੂੰ ਹਸਪਤਾਲ ਗਏ ਤਾਂ ਅੱਗੋਂ ਕਲਾਸ ਫੋਰ ਮੁਲਾਜ਼ਮ ਮਿਲਿਆ ਤੇ ਉਸ ਨੇ ਕਿਹਾ ਕਿ ਤੁਹਾਡੀਆਂ ਬੋਤਲਾਂ ਆਈਆਂ ਹਨ ਤੇ ਆ ਜਾਓ। ਜਦੋਂ ਉਸ ਦੀ ਪਤਨੀ ਨੇ ਗੁਲੂਕੋਜ਼ ਲਗਵਾ ਲਿਆ ਤਾਂ ਉਸ ਨੂੰ ਪ੍ਰੇਸ਼ਾਨੀ ਹੋਣ ਲੱਗੀ ਤੇ ਉਹ ਵਾਰ-ਵਾਰ ਨਰਸ ਮਨਿੰਦਰ ਕੌਰ ਕੋਲ ਅਤੇ ਦਵਿੰਦਰ ਸਿੰਘ ਕੋਲ ਗਿਆ ਕਿ ਆ ਕੇ ਉਸ ਦੀ ਪਤਨੀ ਨੂੰ ਚੈੱਕ ਕਰੋ, ਪਰ ਇਨ੍ਹਾਂ ਉਸ ਦੀ ਕੋਈ ਵੀ ਪ੍ਰਵਾਹ ਨਹੀਂ ਕੀਤੀ ਉਲਟਾ ਦਵਿੰਦਰ ਸਿੰਘ ਦਰਜਾ ਚਾਰ ਉਸ ਦੇ ਗਲ ਪੈਂਦਾ ਰਿਹਾ। 
ਸਰੂਪ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਜ਼ਿਆਦਾ ਸੀਰੀਅਸ ਹੋ ਗਈ ਤਾਂ ਇਨ੍ਹਾਂ ਨੇ ਉਸ ਕੋਲੋਂ ਜੋ 1000 ਰੁਪਏ ਲਏ ਸਨ ਉਹ ਉਸ ਦੀ ਜੇਬ ਵਿਚ ਪਾ ਦਿੱਤੇ। ਇਸ ਦੌਰਾਨ ਨਰਸ ਮਨਿੰਦਰ ਕੌਰ ਨੇ ਕਿਹਾ ਕਿ ਸਾਡੀ ਡਿਊਟੀ ਖਤਮ ਹੋ ਗਈ ਹੈ। ਫਿਰ ਨਰਸ ਨੇ ਗੁਲੂਕੋਜ਼ ਤੇਜ਼ ਕਰ ਦਿੱਤਾ ਅਤੇ ਆਪ ਚਲੀ ਗਈ ਅਤੇ ਸਫਾਈ ਵਾਲੀ ਸਵਿੰਦਰ ਕੌਰ ਨੂੰ ਕਹਿ ਦਿੱਤਾ ਕਿ ਇਸ ਨੂੰ ਟੀਕਾ ਲਗਾ ਦੇਵੇ। ਬਾਅਦ 'ਚ ਸਵਿੰਦਰ ਕੌਰ ਨੇ ਟੀਕਾ ਲਗਾ ਦਿੱਤਾ। ਫਿਰ ਇਨ੍ਹਾਂ ਆਪਣੇ ਕੋਲੋਂ ਐਂਬੂਲੈਂਸ ਕਰ ਕੇ ਸਾਨੂੰ ਸ਼ਹਿਰ ਲਈ ਰੈਫਰ ਕਰ ਦਿੱਤਾ ਤੇ ਰਸਤੇ ਵਿਚ ਜਾਂਦਿਆਂ ਹੀ ਉਸ ਦੀ ਪਤਨੀ ਦੀ ਮੌਤ ਹੋ ਗਈ, ਜਿਸ ਲਈ ਹਸਪਤਾਲ ਦਾ ਸਟਾਫ ਜ਼ਿੰਮੇਵਾਰ ਹੈ। ਇਸ ਸੰਬੰਧੀ ਉਨ੍ਹਾਂ ਡਾ. ਕਮਲਪ੍ਰੀਤ ਸਿੰਘ, ਸਟਾਫ ਨਰਸ ਮਨਿੰਦਰ ਕੌਰ, ਦਰਜਾ ਚਾਰ ਦਵਿੰਦਰ ਸਿੰਘ, ਸਫਾਈ ਸੇਵਕ ਸਵਿੰਦਰ ਕੌਰ (ਛਿੰਦਰ) ਖਿਲਾਫ ਪੁਲਸ ਚੌਕੀ ਸੁਰ ਸਿੰਘ ਵਿਖੇ ਦਰਖਾਸਤ ਦੇ ਦਿੱਤੀ ਹੈ।


Related News