ਪਰਿਵਾਰਕ ਮੈਂਬਰਾਂ ਨੇ ਕੌਮੀ ਮਾਰਗ ''ਤੇ ਆਵਾਜਾਈ ਕੀਤੀ ਠੱਪ

08/15/2017 4:25:01 AM

ਬਨੂੜ,(ਗੁਰਪਾਲ)- ਸਵਾਮੀ ਵਿਵੇਕਾਨੰਦ ਇੰਜੀਨੀਅਰਿੰਗ ਟੈਕਨਾਲੋਜੀ ਕਾਲਜ ਵਿਚ ਬੀਤੇ ਦਿਨ ਬਿਜਲੀ ਦੇ ਕਰੰਟ ਨਾਲ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ ਗਰਮਾ ਗਿਆ ਹੈ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਲਾਸ਼ ਦਾ ਅੰਤਿਮ ਸੰਸਕਾਰ ਕਰਨ ਦੀ ਥਾਂ ਲਾਸ਼ ਨੂੰ ਐਂਬੂਲੈਂਸ ਰਾਹੀਂ ਕਾਲਜ ਦੇ ਅਹਾਤੇ ਵਿਚ ਰੱਖ ਕੇ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਰਾਸ਼ਟਰੀ ਰਾਜ ਮਾਰਗ ਨੂੰ ਤਕਰੀਬਨ 2 ਘੰਟੇ ਤੱਕ ਜਾਮ ਕਰ ਦਿੱਤਾ। 
ਜਾਣਕਾਰੀ ਅਨੁਸਾਰ ਬੀਤੇ ਦਿਨ ਸਵਾਈਟ ਕਾਲਜ ਵਿਚ 15 ਸਾਲਾਂ ਤੋਂ ਨੌਕਰੀ ਕਰਦੇ ਮੇਜਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਬਠੋਣੀਆਂ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਅੱਜ ਸਵੇਰੇ ਜਦੋਂ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਰਾਜਪੁਰਾ ਦੇ ਏ. ਪੀ. ਜੈਨ ਹਸਪਤਾਲ ਵਿਚੋਂ ਕਰਵਾਉਣ ਉਪਰੰਤ ਪਰਿਵਾਰਕ ਮੈਂਬਰ ਲਾਸ਼ ਨੂੰ ਅੰਤਿਮ ਸੰਸਕਾਰ ਲਈ ਪਿੰਡ ਲੈ ਕੇ ਜਾਣ ਦੀ ਥਾਂ ਐਂਬੂਲੈਂਸ ਰਾਹੀਂ ਕੌਮੀ ਮਾਰਗ 'ਤੇ ਸਥਿਤ ਕਾਲਜ ਵਿਚ ਲੈ ਕੇ ਆਏ। ਇਨ੍ਹਾਂ ਦੀ ਹਮਾਇਤ ਵਿਚ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਧਮੋਲੀ, ਨਰਦੇਵ ਸਿੰਘ ਨੰਡਿਆਲੀ, ਮੁਨੀਸ਼ ਕੁਮਾਰ ਬਤਰਾ, ਗੁਰਜਿੰਦਰ ਕੰਬੋਜ ਤੇ ਸੁਰਿੰਦਰ ਸਿੰਘ ਘੁਮਾਣਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਪਹੁੰਚ ਗਏ।  ਉਨ੍ਹਾਂ ਕਾਲਜ ਦੇ ਪ੍ਰਬੰਧਕਾਂ ਤੋਂ ਪਰਿਵਾਰ ਲਈ ਆਰਥਿਕ ਸਹਾਇਤ ਦੀ ਮੰਗ ਕੀਤੀ। ਜਦੋਂ ਪ੍ਰਬੰਧਕਾਂ ਨੇ ਉਨ੍ਹਾਂ ਦੀ ਗੱਲ ਨੂੰ ਅਣਸੁਣਿਆਂ ਕਰ ਦਿੱਤਾ ਤਾਂ ਦੁਖੀ ਪਰਿਵਾਰਕ ਮੈਂਬਰਾਂ ਨੇ ਕੌਮੀ ਮਾਰਗ 'ਤੇ ਆਵਾਜਾਈ ਠੱਪ ਕਰ ਦਿੱਤੀ। ਜਦੋਂ ਜਾਮ ਦੀ ਸੂਚਨਾ ਬਨੂੜ ਪੁਲਸ ਨੂੰ ਮਿਲੀ ਤਾਂ ਥਾਣਾ ਮੁਖੀ ਦੇ ਦਫ਼ਤਰੀ ਕੰਮ ਲਈ ਬਾਹਰ ਹੋਣ ਕਾਰਨ ਇੰਸ. ਕੁਲਵਿੰਦਰ ਸਿੰਘ ਥਾਣਾ ਮੁਖੀ ਸ਼ੰਭੂ ਤੇ ਏ. ਐੈੱਸ. ਆਈ. ਮੋਹਨ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਰਥਿਕ ਸਹਾਇਤਾ, ਵਿਧਵਾ ਨੂੰ ਨੌਕਰੀ ਤੇ ਕਾਲਜ ਵਿਚ ਬੱਚਿਆਂ ਨੂੰ ਪੜ੍ਹਾਈ ਮੁਫਤ ਕਰਵਾਉਣ ਤੋਂ ਬਿਨਾਂ ਮੰਨਣ ਲਈ ਤਿਆਰ ਨਹੀਂ ਸਨ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਪਿਛਲੇ 15 ਸਾਲਾਂ ਤੋਂ ਕਾਲਜ ਵਿਚ ਨੌਕਰੀ ਕਰ ਰਿਹਾ ਹੈ। ਇੰਨਾ ਸਮਾਂ ਨੌਕਰੀ ਕਰਨ ਸਮੇਂ ਕਦੇ ਉਸ ਦਾ ਕੋਈ ਫੰਡ ਜਮ੍ਹਾ ਨਹੀਂ ਕੀਤਾ ਗਿਆ। 
ਜਾਮ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ। ਆਖਰ ਡੇਢ ਕੁ ਘੰਟੇ ਬਾਅਦ ਕਾਲਜ ਦੇ ਪ੍ਰਬੰਧਕਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ 3 ਲੱਖ ਰੁਪਏ ਨਕਦ, ਵਿਧਵਾ ਨੂੰ ਕਾਲਜ ਵਿਚ ਨੌਕਰੀ ਤੇ ਉਸ ਦੇ ਬੱਚਿਆਂ ਦੀ ਕਾਲਜ ਵਿਚ ਮੁਫਤ ਪੜ੍ਹਾਈ ਕਰਨ ਦੇ ਐਲਾਨ ਕਰਨ ਤੋਂ ਬਾਅਦ ਕੌਮੀ ਮਾਰਗ 'ਤੇ ਲਾਇਆ ਧਰਨਾ ਚੁੱਕਿਆ। 


Related News