ਫੈਕਟਰੀ ਮੈਨੇਜਮੈਂਟ ਨੇ ਵਰਕਰਾਂ ਨੂੰ ਗੇਟ ''ਤੇ ਰੋਕਿਆ

11/19/2017 2:27:28 AM

ਰੂਪਨਗਰ, (ਵਿਜੇ)- ਅੱਜ ਡੀ. ਸੀ. ਐੱਮ. ਫੈਕਟਰੀ ਦੇ ਪ੍ਰਬੰਧਕਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਵਰਕਰਾਂ ਨੂੰ ਫੈਕਟਰੀ 'ਚ ਆਉਣ ਤੋਂ ਰੋਕ ਦਿੱਤਾ ਗਿਆ। ਪ੍ਰਬੰਧਕਾਂ ਵੱਲੋਂ ਸਵੇਰੇ 7 ਵਜੇ ਵਾਲੀ ਸ਼ਿਫਟ ਦੇ ਵਰਕਰਾਂ ਨੂੰ ਫੈਕਟਰੀ ਦੇ ਮੇਨ ਗੇਟ 'ਤੇ ਰੋਕ ਕੇ ਅੰਡਰਟੇਕਿੰਗ ਫਾਰਮ ਭਰ ਕੇ ਹੀ ਅੰਦਰ ਜਾਣ ਲਈ ਕਿਹਾ ਗਿਆ।
ਦੂਜੇ ਪਾਸੇ, ਵਰਕਰਾਂ ਨੇ ਅੰਡਰਟੇਕਿੰਗ ਫਾਰਮ ਭਰਨ ਤੋਂ ਇਨਕਾਰ ਕਰ ਦਿੱਤਾ ਤੇ ਪ੍ਰਦਰਸ਼ਨ ਕੀਤਾ।  ਵਰਕਰਾਂ ਨੇ ਦੱਸਿਆ ਕਿ ਪ੍ਰਬੰਧਕਾਂ ਵੱਲੋਂ ਫੈਕਟਰੀ 'ਚ ਉਕਤ ਮਸਲੇ 'ਤੇ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ, ਜਿਸ ਵਿਚ ਲੇਬਰ ਇੰਸਪੈਕਟਰ, ਡੀ.ਐੱਸ.ਪੀ., ਐੱਸ.ਐੱਚ.ਓ. ਤੇ ਤਹਿਸੀਲਦਾਰ ਜਾਂ ਯੂਨੀਅਨ ਵੱਲੋਂ ਕੋਈ ਵੀ ਵਰਕਰ ਨੇਤਾ ਮੀਟਿੰਗ 'ਚ ਅੱਜ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡੀ.ਸੀ.ਐੱਮ. ਮੈਨੇਜਮੈਂਟ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਲਟਕਦੀਆਂ ਮੰਗਾਂ ਪ੍ਰਤੀ ਲਾਪ੍ਰਵਾਹੀ ਵਰਤ ਰਹੀ ਹੈ ਤੇ ਹੁਣ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ।
ਮੈਨੇਜਮੈਂਟ ਵੱਲੋਂ 15 ਨਵੰਬਰ 2017 ਤੋਂ ਯੂਨੀਅਨ ਦੇ ਤਿੰਨ ਨੇਤਾਵਾਂ ਰਾਹੀਂ ਇਕ-ਇਕ ਕਰ ਕੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਪਰ ਅਮਲ ਨਹੀਂ ਕੀਤਾ ਜਾ ਰਿਹਾ। ਅੱਜ ਵਰਕਰਾਂ ਦੇ ਇਕੱਠ 'ਚ ਸ਼ਾਮਲ ਰੂਪਨਗਰ ਸੀਟੂ ਦੇ ਪ੍ਰਧਾਨ ਗੁਰਦੇਵ ਸਿੰਘ ਬਾਗੀ, ਬਲਾਕ ਸਮਿਤੀ ਦੇ ਪ੍ਰਧਾਨ ਸੁਰਿੰਦਰ ਛਿੰਦਾ, ਡੀ.ਸੀ.ਐੱਮ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਰਵਿੰਦਰ ਰਾਣਾ, ਜਨਰਲ ਸਕੱਤਰ ਰਿਸ਼ੂ ਕੁਮਾਰ, ਪ੍ਰਚਾਰ ਸਕੱਤਰ ਜਸਪਾਲ ਮਾਜਰੀ, ਖਜ਼ਾਨਚੀ ਰਾਜ ਬਹਾਦਰ, ਸੀਨੀਅਰ ਉਪ ਪ੍ਰਧਾਨ ਰਾਜੇਸ਼ ਚੋਪੜਾ, ਬਲਜੀਤ ਸਿੰਘ, ਮਨਜੀਤ ਚੀਮਾ ਆਦਿ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ।


Related News