ਅਣਬਣ ਹੋਣ ''ਤੇ ਫਰਾਂਸ ''ਚ ਬੈਠੇ ਦੋਸਤ ਨੇ ਨਾਬਾਲਗਾ ਦੀ ਫਰਜ਼ੀ ਆਈ. ਡੀ. ਬਣਾ ਕੇ ਫੇਸਬੁੱਕ ''ਤੇ ਅਪਲੋਡ ਕੀਤੀਆਂ ਅਸ਼ਲੀਲ ਤਸਵੀਰਾਂ

12/13/2017 5:27:56 AM

ਲੁਧਿਆਣਾ(ਮਹੇਸ਼)-16 ਸਾਲਾ ਨਾਬਾਲਗਾ ਨਾਲ ਅਣਬਣ ਹੋਣ 'ਤੇ ਤੈਸ਼ 'ਚ ਆਏ ਉਸ ਦੇ ਦੋਸਤ ਨੇ ਫੇਸਬੁੱਕ 'ਤੇ ਉਸ ਦੀ ਫਰਜ਼ੀ ਆਈ. ਡੀ. ਬਣਾ ਕੇ ਉਸ ਦੀਆਂ ਅਸ਼ਲੀਲ ਤਸਵੀਰਾਂ ਅਪਲੋਡ ਕਰ ਦਿੱਤੀਆਂ। ਇੰਨਾ ਹੀ ਨਹੀਂ, ਦੋਸ਼ੀ ਨਾਬਾਲਗਾ ਤੇ ਉਸ ਦੇ ਪਿਤਾ ਨੂੰ ਫੋਨ 'ਤੇ ਵੀ ਧਮਕਾਉਂਦਾ ਰਿਹਾ। ਇਹ ਸਿਲਸਿਲਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ। ਪ੍ਰੇਸ਼ਾਨ ਹੋ ਕੇ ਪੀੜਤਾ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਪੁਲਸ ਕੋਲ ਕੀਤੀ। ਜਾਂਚ ਤੋਂ ਬਾਅਦ ਪੁਲਸ ਨੇ ਮੋਗਾ, ਧਰਮਕੋਟ ਦੇ ਪਿੰਡ ਬਹਾਦਰਵਾਲਾ ਦੇ ਲਵਪ੍ਰੀਤ ਸਿੰਘ ਖਿਲਾਫ ਪਰਚਾ ਦਰਜ ਕਰ ਲਿਆ ਹੈ, ਜੋ ਕਿ ਇਸ ਸਮੇਂ ਫਰਾਂਸ ਵਿਚ ਹੈ। ਜੋਧੇਵਾਲ ਦੀ ਵਿਸ਼ਵਕਰਮਾ ਕਾਲੋਨੀ ਦੀ ਰਹਿਣ ਵਾਲੀ ਪੀੜਤਾ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਆਪਣੇ ਆਪ ਨੂੰ ਲਵਪ੍ਰੀਤ ਸਿੰਘ ਦੱਸਣ ਵਾਲੇ ਇਕ ਨੌਜਵਾਨ ਨੇ ਉਸ ਦਾ ਅਤੇ ਉਸ ਦੀ ਬੇਟੀ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਉਹ ਉਸ ਦੀ ਬੇਟੀ ਦੀਆਂ ਅਸ਼ਲੀਲ ਤਸਵੀਰਾਂ ਫੇਸਬੁੱਕ 'ਤੇ ਅਪਲੋਡ ਕਰ ਕੇ ਉਸ ਨੂੰ ਬਦਨਾਮ ਕਰ ਰਿਹਾ ਹੈ। 
ਉਸ ਦਾ ਦੋਸ਼ ਹੈ ਕਿ ਇਸ ਨੌਜਵਾਨ ਨੇ ਉਸ ਦੀ ਬੇਟੀ ਦੀ ਫੇਸਬੁੱਕ 'ਤੇ ਫਰਜ਼ੀ ਆਈ. ਡੀ. ਬਣਾ ਰੱਖੀ ਹੈ, ਜਿਸ ਵਿਚ ਪਿਛਲੇ ਲੰਬੇ ਸਮੇਂ ਤੋਂ ਉਸ ਦੀ ਬੇਟੀ ਦੇ ਵਟਸਐਪ ਤੋਂ ਉਸ ਦੀਆਂ ਤਸਵੀਰਾਂ ਚੁੱਕ ਕੇ ਅਪਲੋਡ ਕਰ ਰਿਹਾ ਹੈ ਅਤੇ ਉਸ 'ਤੇ ਅਸ਼ਲੀਲ ਅਤੇ ਇਤਰਾਜ਼ਯੋਗ ਕੁਮੈਂਟ ਕਰ ਕੇ ਉਸ ਦੀ ਬੇਟੀ ਨੂੰ ਬਦਨਾਮ ਕਰ ਰਿਹਾ ਹੈ। ਇੰਨਾ ਹੀ ਨਹੀਂ, ਇਹ ਨੌਜਵਾਨ ਇਕ ਵਿਦੇਸ਼ੀ ਮੋਬਾਇਲ ਨੰਬਰ ਤੋਂ ਉਸ ਨੂੰ ਅਤੇ ਉਸ ਦੀ ਬੇਟੀ ਨੂੰ ਕਈ ਵਾਰ ਧਮਕਾਅ ਵੀ ਚੁੱਕਾ ਹੈ। ਫੋਨ 'ਤੇ ਉਸ ਦੀ ਬੇਟੀ ਬਾਰੇ ਅਸ਼ਲੀਲ ਗੱਲਾਂ ਬੋਲਦਾ ਹੈ। ਉਸ ਦਾ ਦੋਸ਼ ਹੈ ਕਿ ਕਈ ਵਾਰ ਦੋਸ਼ੀ ਨੇ ਲੋਕਲ ਨੰਬਰ ਤੋਂ ਵੀ ਫੋਨ ਕਰ ਕੇ ਉਨ੍ਹਾਂ ਨੂੰ ਧਮਕਾਇਆ ਹੈ। ਉਹ ਕਈ ਵਾਰ ਉਸ ਨੂੰ ਸਮਝਾ ਚੁੱਕੇ ਹਨ ਪਰ ਉਹ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆ ਰਿਹਾ, ਜਿਸ ਨਾਲ ਪੂਰਾ ਪਰਿਵਾਰ ਗਹਿਰੇ ਸਦਮੇ ਵਿਚ ਹੈ, ਜਿਸ ਕਾਰਨ ਇਕ ਪਾਸੇ ਉਸ ਦੀ ਬੇਟੀ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ, ਉਥੇ ਹਰ ਸਮੇਂ ਉਸ ਨੂੰ ਉਸ ਦੀ ਚਿੰਤਾ ਲੱਗੀ ਰਹਿੰਦੀ ਹੈ।
ਪਹਿਲਾਂ ਸੀ ਫ੍ਰੈਂਡਸ਼ਿਪ, ਟੁੱਟਣ 'ਤੇ ਕੱਢੀ ਰੰਜਿਸ਼
ਪੁਲਸ ਦਾ ਕਹਿਣਾ ਹੈ ਕਿ ਕੇਸ ਦੀ ਜਾਂਚ ਸਾਈਬਰ ਕ੍ਰਾਈਮ ਸੈੱਲ ਨੇ ਕੀਤੀ। ਤਫਤੀਸ਼ ਦੌਰਾਨ ਪਾਇਆ ਗਿਆ ਕਿ ਪੀੜਤਾ ਦੀ ਕਦੇ ਉਸ ਨਾਲ ਫ੍ਰੈਂਡਸ਼ਿਪ ਹੋਇਆ ਕਰਦੀ ਸੀ। ਉਸ ਸਮੇਂ ਨਾਬਾਲਗਾ ਨੇ ਆਪਣੀਆਂ ਤਸਵੀਰਾਂ ਲਵਪ੍ਰੀਤ ਨੂੰ ਭੇਜੀਆਂ ਸਨ, ਜੋ ਦੋਵਾਂ ਦੀਆਂ ਇਕੱਠੀਆਂ ਸਨ। ਉਹ ਪੀੜਤਾ ਨੇ ਡਿਲੀਟ ਕਰ ਦਿੱਤੀਆਂ ਸਨ ਪਰ ਉਹੀ ਫੋਟੋਆਂ ਲਵਪ੍ਰੀਤ ਨੇ ਆਪਣੇ ਕੋਲ ਸੇਵ ਰੱਖੀਆਂ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਅਣਬਣ ਹੋ ਗਈ। ਪੀੜਤਾ ਨੇ ਲਵਪ੍ਰੀਤ ਨਾਲ ਫ੍ਰੈਂਡਸ਼ਿਪ ਤੋੜ ਦਿੱਤੀ, ਜਿਸ ਨਾਲ ਉਹ ਨਾਬਾਲਗਾ ਨਾਲ ਖੁੰਦਕ ਰੱਖਣ ਲੱਗਾ ਅਤੇ ਤੈਸ਼ ਵਿਚ ਆ ਕੇ ਉਸ ਨੇ ਉਸ ਦੀਆਂ ਅਸ਼ਲੀਲ ਤਸਵੀਰਾਂ ਉਸ ਦੇ ਨਾਂ 'ਤੇ ਆਈ. ਡੀ. ਬਣਾ ਕੇ ਪੋਸਟ ਕਰ ਦਿੱਤੀਆਂ।
30 ਅਗਸਤ 2016 ਨੂੰ ਫਰਾਂਸ ਚਲਾ ਗਿਆ ਸੀ ਲਵਪ੍ਰੀਤ
ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਲਵਪ੍ਰੀਤ ਪਿਛਲੇ ਸਾਲ 30 ਅਗਸਤ, 2016 ਨੂੰ ਫਰਾਂਸ ਚਲਾ ਗਿਆ ਸੀ ਤੇ ਇਹ ਅਪਰਾਧ ਉਸ ਨੇ ਫਰਾਂਸ 'ਚ ਹੀ ਬੈਠ ਕੇ ਕੀਤਾ, ਜਿਸ ਦੀ ਪੁਸ਼ਟੀ ਆਈ. ਪੀ. ਐਡਰੈੱਸ ਤੋਂ ਵੀ ਹੋ ਗਈ ਹੈ, ਜੋ ਕਿ ਫਰਾਂਸ ਦਾ ਪਾਇਆ ਗਿਆ ਹੈ।
ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਲੋਕਲ ਨੰਬਰਾਂ ਤੋਂ ਪੀੜਤਾ ਅਤੇ ਉਸ ਦੇ ਪਿਤਾ ਨੂੰ ਧਮਕੀ ਭਰੇ ਮੈਸੇਜ ਆ ਰਹੇ ਸਨ, ਉਸ ਦੇ ਪਿੱਛੇ ਵੀ ਲਵਪ੍ਰੀਤ ਦੀ ਸ਼ਮੂਲੀਅਤ ਪਾਈ ਗਈ ਹੈ।


Related News