ਕਰੋੜਾਂ ''ਚ ਹੁੰਦੀ ਹੈ ਪੰਜਾਬੀਆਂ ਦੀ ''ਹੈਲੋ-ਹੈਲੋ'', ਤੱਥ ਹੈਰਾਨ ਕਰ ਦੇਣਗੇ

01/17/2018 5:46:40 PM

ਬਠਿੰਡਾ : ਜਿੱਥੇ ਪੰਜਾਬ ਇਸ ਸਮੇਂ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਹੈ, ਉੱਥੇ ਹੀ ਪੰਜਾਬੀ ਰੋਜ਼ਾਨਾ ਦੀ ਹੈਲੋ-ਹੁਈਆ 'ਚ ਕਰੋੜਾਂ ਰੁਪਏ ਖਰਚ ਕਰ ਰਹੇ ਹਨ। ਪੰਜਾਬੀ ਰੋਜ਼ਾਨਾ 6.50 ਕਰੋੜ ਰੁਪਏ ਮੋਬਾਇਲਾਂ ਦੀ 'ਹੈਲੋ-ਹੈਲੋ' 'ਤੇ ਫੂਕ ਕਰ ਰਹੇ ਹਨ। ਪੰਜਾਬ ਦੇ ਲੋਕਾਂ ਦਾ ਘੱਟੋ-ਘੱਟ ਟੈਲੀਫੋਨ (ਲੈਂਡਲਾਈਨ ਤੇ ਮੋਬਾਇਲ) ਖਰਚਾ ਔਸਤਨ 2300 ਕਰੋੜ ਰੁਪਏ ਸਲਾਨਾ ਬਣਦਾ ਹੈ। ਕੇਂਦਰੀ ਸੰਚਾਰ ਮੰਤਰਾਲੇ ਮੁਤਾਬਕ ਪੰਜਾਬ 'ਚ ਇਸ ਵੇਲੇ 3.84 ਕਰੋੜ ਟੈਲੀਫੋਨ ਹਨ, ਜਿਨ੍ਹਾਂ 'ਚੋਂ 1.40 ਕਰੋੜ ਦਿਹਾਤੀ ਅਤੇ 2.44 ਕਰੋੜ ਸ਼ਹਿਰੀ ਖੇਤਰ 'ਚ ਹਨ।
ਪੰਜਾਬ ਦੀ ਅਨੁਮਾਨਤ ਆਬਾਦੀ ਸਾਲ 2017 'ਚ 2.99 ਕਰੋੜ ਵਧੀ ਹੈ, ਜਦੋਂ ਕਿ ਟੈਲੀਫੋਨਾਂ ਦੀ ਗਿਣਤੀ 3.84 ਕਰੋੜ ਹੈ। ਵੇਰਵਿਆਂ ਮੁਤਾਬਕ ਪੰਜਾਬ 'ਚ ਸਾਲ 2017 'ਚ ਅਨੁਮਾਨਿਤ ਘਰਾਂ ਦੀ ਗਿਣਤੀ ਕਰੀਬ 55 ਲੱਖ ਦੱਸੀ ਜਾ ਰਹੀ ਹੈ। ਘਰਾਂ ਦੀ ਗਿਣਤੀ ਦੇ ਲਿਹਾਜ਼ ਨਾਲ ਦੇਖੀਏ ਤਾਂ ਪੰਜਾਬ ਦੇ ਹਰ ਘਰ 'ਚ ਔਸਤਾਨ 7 ਟੈਲੀਫੋਨ ਹਨ। ਮੋਬਾਇਲ ਕੰਪਨੀਆਂ ਨੇ ਪੰਜਾਬ ਨੂੰ ਪੂਰੇ ਤਰ੍ਹਾਂ ਆਪਣੇ ਜਾਲ 'ਚ ਫਸਾ ਲਿਆ ਹੈ। ਹਰ ਕੁਨੈਕਸ਼ਨ ਧਾਰਕ ਦਾ ਟੈਲੀਫੋਨ ਖਰਚ ਪ੍ਰਤੀ ਮਹੀਨਾ ਘੱਟੋ-ਘੱਟ 50 ਰੁਪਏ ਵੀ ਮੰਨ ਲਈਏ ਤਾਂ 3.84 ਕਰੋੜ ਕੁਨੈਕਸ਼ਨਾਂ ਦੇ ਹਿਸਾਬ ਨਾਲ ਇਹ ਰਾਸ਼ੀ ਸਲਾਨਾ 2304 ਕਰੋੜ ਰੁਪਏ ਬਣਦੀ ਹੈ। ਇਸ ਤਰ੍ਹਾਂ ਪੰਜਾਬੀ ਹਰ ਮਹੀਨੇ ਟੈਲੀਫੋਨਾਂ ਤੋਂ ਘੱਟੋ-ਘੱਟ 192 ਕਰੋੜ ਰੁਪਏ ਖਰਚਦੇ ਹਨ। ਮਾਹਿਰਾਂ ਮੁਤਾਬਕ ਇਹ ਖਰਚਾ ਇਸ ਤੋਂ ਕਿਤੇ ਵਧ ਹੈ।
ਸੰਚਾਰ ਮੰਤਰਾਲੇ ਅਨੁਸਾਕ ਪੰਜਾਬ 'ਚ 31 ਮਾਰਚ, 2014 ਨੂੰ ਟੈਲੀਫੋਨਾਂ ਦੀ ਗਿਣਤੀ 3.23 ਕਰੋੜ ਸੀ, ਜੋ 31 ਅਕਤੂਬਰ, 2017 ਤੱਕ ਵਧ ਕੇ 3.84 ਕਰੋੜ ਹੋ ਗਈ ਹੈ ਮਤਲਬ ਕਿ ਲੰਘੇ ਸਾਢੇ 3 ਵਰ੍ਹਿਆਂ 'ਚ ਟੈਲੀਫੋਨ ਕੁਨੈਕਸ਼ਨਾਂ ਦੀ ਗਿਣਤੀ 'ਚ 61 ਲੱਖ ਦਾ ਵਾਧਾ ਹੋਇਆ ਹੈ। ਪੰਜਾਬ 'ਚ ਕੁੱਲ 12,586 ਆਬਾਦ ਪਿੰਡ ਹਨ, ਜਿਨ੍ਹਾਂ 'ਚੋਂ ਸਿਰਫ 24 ਪਿੰਡ ਅਜਿਹੇ ਹਨ, ਜੋ ਹਾਲੇ ਮੋਬਾਇਲਾਂ ਦੀ ਮਾਰ 'ਚ ਨਹੀਂ ਹਨ। ਸਰਕਾਰੀ ਆਂਕੜਿਆਂ ਮੁਤਾਬਕ ਪੰਜਾਬ 'ਚ 18,333 ਮੋਬਾਇਲ ਟਾਵਰ ਅਤੇ ਚਾਰ ਦਰਜਨ ਮੋਬਾਇਲ ਐਕਸਚੇਂਜਾਂ ਹਨ। 


Related News