ਪਟਾਕੇ ਚਲਾਕੇ ਨਹੀਂ ਰੁੱਖ ਲਗਾ ਕੇ ਮਨਾਓ ਦਿਵਾਲੀ - ਚੇਅਰਮੈਨ ਢਿੱਲੋਂ

10/17/2017 12:38:27 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਵਾਤਾਵਰਨ ਦੀ ਸ਼ੁੱਧਤਾ ਲਈ ਨਿਰੰਤਰ ਕਾਰਜਸ਼ੀਲ ਸੰਸਥਾ ਹਰਿਆਵਲ ਫਾਊਡੇਂਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਢਿੱਲੋਂ ਨੇ ਲੋਕਾਂ ਨੂੰ ਇਸ ਵਾਰ ਪਟਾਕੇ ਨਾ ਚਲਾਕੇ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਇਸ ਵਾਰ ਰੁੱਖ ਲਗਾ ਕੇ ਦਿਵਾਲੀ ਮਨਾਈ ਜਾਵੇ। ਚੇਅਰਮੈਨ ਪਰਮਜੀਤ ਸਿੰਘ ਢਿੱਲੋਂ ਨੇ ਦਿਵਾਲੀ ਦੇ ਪਵਿੱਤਰ ਦਿਹਾੜੇ ਨੂੰ ਸ਼ੋਰ-ਸ਼ਰਾਬੇ ਅਤੇ ਪ੍ਰਦੂਸ਼ਣ ਤੋਂ ਮੁਕਤ ਢੰਗ ਨਾਲ ਮਨਾਉਣ ਦੀ ਲੋਕਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਬੰਬਾਂ ਅਤੇ ਪਟਾਕਿਆਂ ਦੇ ਸ਼ੋਰ ਤੋਂ ਬਗੈਰ ਸ਼ਾਂਤਮਈ ਢੰਗ ਨਾਲ ਸੁਰੱਖਿਆ ਪੂਰਵਕ ਦੀਵਾਲੀ ਦਾ ਦਿਹਾੜਾ ਮਨਾਇਆ ਜਾਵੇ, ਤਾਂ ਜੋ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ 'ਚ ਇਕ ਕਦਮ ਹੋਰ ਅੱਗੇ ਵਧਿਆ ਜਾ ਸਕੇ। ਢਿੱਲੋਂ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਕਰਨ ਅਤੇ ਆਪਣੀਆਂ ਅਗਲੀਆਂ ਪੜ੍ਹੀਆਂ ਨੂੰ ਨਿਰੋਏ ਵਾਤਾਵਰਨ ਦੀ ਸੌਗਾਤ ਦੇਣ ਲਈ ਸਾਨੂੰ ਰੁੱਖਾਂ ਦੀ ਮਹੱਤਤਾ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਫ਼ ਪਾਣੀ ਅਤੇ ਸ਼ੁੱਧ ਹਵਾ ਲੈਣ ਲਈ ਸਾਨੂੰ ਪ੍ਰਦੂਸ਼ਣ ਤੇ ਕਟਰੌਲ ਕਰਨਾ ਹੋਵੇਗਾ। ਵਾਤਾਵਰਨ ਨੂੰ ਸਾਫ਼ ਅਤੇ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਹੋਣਗੇ ਅਤੇ ਇਹੋ ਹੋਕਾ ਹਰਿਆਵਲ ਫਾਊਡੇਸ਼ਨ ਵੱਲੋਂ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕੰਵਲਜੀਤ ਸਿੰਘ ਗੋਗੀ ਐੱਨ.ਆਰ.ਆਈ., ਪ੍ਰੋ. ਇੰਦਰਜੀਤ ਸਿੰਘ ਕਸੇਲ, ਜਗਮੀਤ ਸਿੰਘ ਢਿੱਲੋਂ ਅਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ।


Related News