ਮਜ਼ਦੂਰਾਂ ਦੀਆਂ ਕਾਪੀਆਂ ਦੀ ਰਜਿਸਟ੍ਰੇਸ਼ਨ ਆਨਲਾਈਨ ਹੋਣ ਕਾਰਨ ਲੋਕ ਪ੍ਰੇਸ਼ਾਨ

12/13/2017 1:05:18 AM

ਗੁਰਦਾਸਪੁਰ,   (ਵਿਨੋਦ, ਦੀਪਕ)-  ਜ਼ਿਲਾ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਸਬੰਧਿਤ ਇਫਟੂ ਦੀ ਮੀਟਿੰਗ ਪ੍ਰਧਾਨ ਜੋਗਿੰਦਰ ਪਾਲ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਇਫਟੂ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਰਮੇਸ਼ ਰਾਣਾ, ਸੁਖਦੇਵ ਬਹਿਰਾਮਪੁਰ, ਜਤਿੰਦਰ ਬਿੱਟੂ ਤੇ ਦਫ਼ਤਰ ਸਕੱਤਰ ਜੋਗਿੰਦਰ ਘੁਰਾਲਾ ਨੇ ਦੱਸਿਆ ਕਿ ਕੰਸਟਰੱਕਸ਼ਨ ਵਿਚ ਕੰਮ ਕਰਦੇ ਮਜ਼ਦੂਰਾਂ ਦੀਆਂ ਕਾਪੀਆਂ 9 ਅਗਸਤ 2017 ਤੋਂ ਬੋਰਡ ਵੱਲੋਂ ਆਨਲਾਈਨ ਕਰ ਦਿੱਤੀਆਂ ਗਈਆਂ ਹਨ ਪਰ ਆਨਲਾਈਨ ਦਾ ਕੰਮ ਨਵੰਬਰ 17 ਤੋਂ ਸ਼ੁਰੂ ਹੋਇਆ ਹੈ। ਬਹੁਤ ਸਾਰੇ ਮਜ਼ਦੂਰਾਂ ਦੀਆਂ ਕਾਪੀਆਂ ਆਨਲਾਈਨ ਨਹੀਂ ਹੋ ਰਹੀਆਂ ਕਿਉਂਕਿ ਉਨ੍ਹਾਂ ਦਾ ਆਨਲਾਈਨ ਨੰਬਰ ਨਹੀਂ ਮਿਲ ਰਿਹਾ। ਆਨਲਾਈਨ ਦੀ ਜ਼ਿੰਮੇਵਾਰੀ ਜ਼ਿਲੇ ਦੇ ਸੇਵਾ ਕੇਂਦਰਾਂ ਨੂੰ ਦਿੱਤੀ ਗਈ ਹੈ ਪਰ ਸ਼ਹਿਰ ਦੇ ਅੰਦਰ ਕੰਮ ਕਰਦੇ ਸੇਵਾ ਕੇਂਦਰ ਮੁਲਾਜ਼ਮ ਇਹ ਜ਼ਿੰਮੇਵਾਰੀ ਨਹੀਂ ਨਿਭਾ ਰਹੇ, ਜਿਸ ਕਾਰਨ ਸ਼ਹਿਰ ਦੇ ਵਸਨੀਕਾਂ ਨੂੰ ਦੂਰ ਪਿੰਡਾਂ ਦੇ ਸੇਵਾ ਕੇਂਦਰਾਂ ਵਿਚ ਜਾਣਾ ਪੈਂਦਾ ਹੈ। 
ਆਨਲਾਈਨ ਬਣੀਆਂ ਕਾਪੀਆਂ ਵਿਚ ਬਹੁਤ ਸਾਰੀਆਂ ਗਲਤੀਆਂ ਹਨ, ਇਨ੍ਹਾਂ ਗਲਤੀਆਂ ਨੂੰ ਠੀਕ ਕਰਨ ਲਈ ਕੋਈ ਫਕਸ਼ਨ ਨਹੀਂ ਚਲ ਰਿਹਾ, ਲੇਬਰ ਵਿਭਾਗ ਵੀ ਇਸ ਬਾਰੇ ਮਜ਼ਦੂਰਾਂ ਨੂੰ ਕੋਈ ਜਾਣਕਾਰੀ ਨਹੀਂ ਦੇ ਰਿਹਾ, ਜਿਸ ਕਾਰਨ ਮਜ਼ਦੂਰ ਖੱਜਲ-ਖੁਆਰ ਹੋ ਰਹੇ ਹਨ। ਯੂਨੀਅਨ ਨੇ ਮੰਗ ਕੀਤੀ ਕਿ ਜੇਕਰ ਇਨ੍ਹਾਂ ਮਸਲਿਆਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਵੱਡੇ ਪੱਧਰ 'ਤੇ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਰਵੀ ਕੁਮਾਰ, ਕੁੰਨਣ ਲਾਲ, ਗੁਰਮੀਤ ਸਿੰਘ, ਸੰਦੀਪ ਚਾਹੀਆ, ਜੋਗਿੰਦਰ ਸਿੰਘ, ਸਾਧੂ ਰਾਮ, ਦਲਜੀਤ ਸਿੰਘ, ਵੀਰ ਚੰਦ, ਮਹਿੰਗਾ ਰਾਮ ਆਦਿ ਹਾਜ਼ਰ ਸੀ।
ਕਿਨ੍ਹਾਂ ਸਕੀਮਾਂ ਦੇ ਪੈਸੇ ਪਂੈਡਿੰਗ
ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ ਜੂਨ 2016 ਤੋਂ ਮਜ਼ਦੂਰਾਂ ਦੇ 3724 ਕੇਸ ਵਜ਼ੀਫ਼ਾ ਅਤੇ ਜਣੇਪਾ, ਬਾਲੜੀ ਤੋਹਫਾ, ਐਨਕ, ਦੰਦ, ਅੰਤਿਮ ਸੰਸਕਾਰ, ਐਕਸਗ੍ਰੇਸ਼ੀਆਂ, ਸ਼ਗਨ ਸਕੀਮ, ਸਰਜਰੀ ਆਦਿ ਦੇ ਕੇਸ ਦਿੱਤੇ ਸਨ ਪਰ ਡੇਢ ਸਾਲ ਬੀਤ ਜਾਣ 'ਤੇ ਵੀ ਮਜ਼ਦੂਰਾਂ ਦੇ ਖਾਤੇ ਵਿਚ ਅਜੇ ਤੱਕ ਪੈਸੇ ਨਹੀਂ ਆਏ।
ਕਿੰਨੀਆਂ ਕਾਪੀਆਂ ਅਜੇ ਨਹੀਂ ਬਣੀਆਂ
19 ਮਈ 2017 ਨੂੰ ਜਥੇਬੰਦੀ ਵੱਲੋਂ ਇਕ ਕੈਂਪ ਲਾਇਆ ਗਿਆ ਸੀ ਪਰ 7 ਮਹੀਨੇ ਬੀਤ ਜਾਣ 'ਤੇ ਵੀ ਅਜੇ ਤੱਕ 1200 ਕਾਪੀਆਂ ਵਿਚੋਂ 700 ਕਾਪੀਆਂ ਪ੍ਰਾਪਤ ਨਹੀਂ ਹੋਈਆਂ। ਇਸ ਤਰ੍ਹਾਂ ਦਸੰਬਰ 2016 ਵਿਚ ਮਜ਼ਦੂਰਾਂ ਲਈ 800 ਸਾਈਕਲ ਆਏ ਸਨ, 200 ਸਾਈਕਲ ਅਜੇ ਤੱਕ ਕਿਸੇ ਬੰਦ ਪਏ ਗੁਦਾਮ ਵਿਚ ਖਰਾਬ ਹੋ ਰਹੇ ਹਨ। 


Related News