ਪੀਣ ਵਾਲਾ ਪਾਣੀ ਨਾ ਆਉਣ ''ਤੇ ਪ੍ਰੇਸ਼ਾਨ ਲੋਕਾਂ ਕੀਤੀ ਨਾਅਰੇਬਾਜ਼ੀ

06/24/2017 2:10:34 AM

ਮਾਹਿਲਪੁਰ, (ਮੁੱਗੋਵਾਲ)- ਲਾਗਲੇ ਪਿੰਡ ਗੋਂਦਪੁਰ ਵਿਖੇ ਪਿਛਲੇ ਚਾਰ ਦਿਨਾਂ ਤੋਂ ਪੀਣ ਵਾਲਾ ਪਾਣੀ ਨਾ ਆਉਣ ਕਰ ਕੇ ਪਿੰਡ ਵਾਸੀਆਂ ਨੇ ਸੰਬੰਧਿਤ ਮਹਿਕਮੇ ਵਿਰੁੱਧ ਨਾਅਰੇਬਾਜ਼ੀ ਕੀਤੀ। 
ਇਸ ਦੌਰਾਨ ਰਛਪਾਲ ਪਾਲੀ ਗੋਦਪੁਰੀ, ਜੋਗੀ ਰਾਮ, ਹਰਬੰਸ ਲਾਲ, ਸਤਪਾਲ, ਦੀਪਾ, ਅਮਰਜੀਤ ਕੌਰ, ਮਲਕੀਤ ਕੌਰ, ਮਨਜੀਤ ਕੌਰ, ਕੱਲੂ, ਰੇਸ਼ਮ ਲਾਲ, ਰਜਨੀ ਦੇਵੀ, ਨਿਰਮਲਾ ਦੇਵੀ, ਕੁਲਵੰਤ, ਸਵੀਨੀ ਭੱਟੀ, ਸੋਨੀਆ ਰਾਣੀ, ਰਾਜ ਰਾਣੀ ਪੰਚ ਸਮੇਤ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਰਛਪਾਲ ਪਾਲੀ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਵਾਟਰ ਸਪਲਾਈ ਵਿਭਾਗ ਦੇ ਟਿਊਬਵੈੱਲ ਦੀ ਮੋਟਰ ਸੜੀ ਹੋਈ ਹੈ, ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਨੇ ਹਾਲੇ ਤੱਕ ਇਸ ਨੂੰ ਠੀਕ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਮਹਿਕਮੇ ਨੂੰ ਚਾਹੀਦਾ ਹੈ ਕਿ ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਆਪਣੇ ਕੋਲ ਵਾਧੂ ਮੋਟਰਾਂ ਰੱਖਣ ਤਾਂ ਕਿ ਲੋੜ ਪੈਣ 'ਤੇ ਕਿਸੇ ਵੀ ਪਿੰਡ 'ਚ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਇਸ ਸਬੰਧੀ ਜਦੋਂ ਵਾਟਰ ਸਪਲਾਈ ਮਹਿਕਮੇ ਦੇ ਐੱਸ. ਡੀ. ਓ. , ਸੰਤੋਖ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਮੋਟਰ ਠੀਕ ਕਰਵਾ ਕੇ ਪਿੰਡ ਵਾਸੀਆਂ ਦੀ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ।


Related News