ਐਜੂਕੇਸ਼ਨਲ ਫੁੱਟਬਾਲ ਤੇ ਕਬੱਡੀ ਲੀਗ ਦੇ 7ਵੇਂ ਸੈਸ਼ਨ ਦਾ ਸ਼ਾਨਦਾਰ ਆਗ਼ਾਜ਼

11/14/2017 4:26:47 AM

ਜਲੰਧਰ— 'ਜਗ ਬਾਣੀ' ਦੇ ਵਿਸ਼ੇਸ਼ ਸਹਿਯੋਗ ਨਾਲ ਵਾਈ. ਐੱਫ. ਸੀ. ਕਲੱਬ ਰੁੜਕਾ ਕਲਾਂ ਵਲੋਂ ਹਰੇਕ ਸਾਲ ਕਰਵਾਈ ਜਾਂਦੀ ਐਜੂਕੇਸ਼ਨਲ ਫੁੱਟਬਾਲ ਤੇ ਕਬੱਡੀ ਲੀਗ ਦੇ 7ਵੇਂ ਸੈਸ਼ਨ ਦਾ ਅੱਜ ਸ਼ਾਨਦਾਰ ਆਗ਼ਾਜ਼ ਹੋ ਗਿਆ। ਫਰਵਰੀ 2018 ਤਕ ਚੱਲਣ ਵਾਲੀ ਇਸ  ਲੀਗ  ਦੇ ਮੁਕਾਬਲੇ ਪੰਜਾਬ ਦੇ 3 ਜ਼ਿਲਿਆਂ ਮੁਹਾਲੀ, ਗੁਰਦਾਸਪੁਰ ਅਤੇ ਜਲੰਧਰ 'ਚ ਕਰਵਾਏ ਜਾਣਗੇ।
ਲੜਕੀਆਂ ਨੂੰ ਖੇਡਾਂ 'ਚ ਲੜਕਿਆਂ ਦੇ ਬਰਾਬਰ ਮੌਕੇ ਦੇਣ ਲਈ ਅਕੈਡਮੀ ਵਲੋਂ ਇਸ ਲੀਗ ਵਿਚ ਇਸ ਵਾਰ 'ਗਰਲਜ਼ ਪਲੇਅ ਗਰਲਜ਼ ਲੀਡ' ਤਹਿਤ ਰਾਸ਼ਟਰੀ ਪੱਧਰ ਦੀਆਂ 16 ਸੀਨੀਅਰ  ਫੁੱਟਬਾਲ ਟੀਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ । ਪੰਜਾਬ ਤੋਂ ਇਲਾਵਾ ਝਾਰਖੰਡ, ਕਰਨਾਟਕ, ਦਿੱਲੀ, ਮੁੰਬਈ, ਨਾਗਪੁਰ ਤੋਂ ਟੀਮਾਂ ਇਸ 'ਚ ਭਾਗ ਲੈ ਰਹੀਆਂ ਹਨ । ਇਸ ਉਦਘਾਟਨੀ ਸਮਾਰੋਹ 'ਚ ਵਾਈ. ਐੱਫ. ਸੀ. ਰੁੜਕਾ ਕਲਾਂ ਦੇ 40 ਸੈਂਟਰਾਂ ਦੇ ਬੱਚਿਆਂ ਨੇ ਮਾਰਚ ਪਾਸਟ 'ਚ ਹਿੱਸਾ ਲਿਆ ਅਤੇ ਆਪਣੀ-ਆਪਣੀ ਕਲਾ ਦਾ ਮੁਜ਼ਾਹਰਾ ਵੀ ਕੀਤਾ । ਇਸ ਦੌਰਾਨ ਪ੍ਰਾਇਮਰੀ ਸਕੂਲ ਦੇ ਨਿੱਕੇ ਬੱਚਿਆਂ ਨੇ ਵੀ ਆਪਣੀ ਪੇਸ਼ਕਾਰੀ ਦੇ ਕੇ ਦਰਸ਼ਕਾਂ ਦਾ ਮਨ ਮੋਹ ਲਿਆ ।

PunjabKesari
ਲੜਕੀਆਂ ਦਾ ਇਕ ਫੁੱਟਬਾਲ ਮੈਚ ਖੇਡਿਆ ਗਿਆ। ਇਹ ਮੈਚ ਹੰਸਰਾਜ ਮਹਿਲਾ ਵਿਦਿਆਲਿਆ (ਜਲੰਧਰ) ਤੇ ਯੁਵਾ ਝਾਰਖੰਡ ਦੀਆਂ ਟੀਮਾਂ ਵਿਚਾਲੇ ਹੋਇਆ, ਜਿਸ ਵਿਚ ਹੰਸਰਾਜ ਮਹਿਲਾ ਵਿਦਿਆਲਿਆ ਟੀਮ ਨੇ ਯੁਵਾ ਟੀਮ ਨੂੰ 3-2 ਦੇ ਫਰਕ ਨਾਲ ਹਰਾਇਆ । ਇਸ ਤੋਂ ਬਾਅਦ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ, ਜੋ ਬਾਬਾ ਭਾਈ ਸਾਧੂ ਜੀ ਕਬੱਡੀ ਕਲੱਬ ਰੁੜਕਾ ਕਲਾਂ, ਆਜ਼ਾਦ ਕਬੱਡੀ ਕਲੱਬ, ਫਰਿਜ਼ਨੋ, ਕੈਨੇਡਾ  ਤੇ ਘੱਲਕਲਾਂ ਦੇ ਖਿਡਾਰੀਆਂ ਵਿਚਾਲੇ ਹੋਇਆ । ਇਸ ਫਸਵੇਂ ਮੁਕਾਬਲੇ 'ਚ ਬਾਬਾ ਭਾਈ ਸਾਧੂ ਜੀ ਕਬੱਡੀ ਕਲੱਬ ਰੁੜਕਾ ਕਲਾਂ ਜੇਤੂ ਰਹੀ ।।
ਇਲਾਕੇ ਦੇ ਐੱਮ. ਪੀ. ਸੰਤੋਖ ਸਿੰਘ ਚੌਧਰੀ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਇਸ ਉਦਘਾਟਨੀ ਸਮਾਰੋਹ 'ਚ ਸ਼ਿਰਕਤ ਕੀਤੀ। ਉਨ੍ਹਾਂ ਨੇ ਝੰਡਾ ਲਹਿਰਾ ਕੇ ਲੀਗ ਦਾ ਰਸਮੀ ਉਦਘਾਟਨ ਕੀਤਾ, ਨਾਲ ਹੀ ਉਨ੍ਹਾਂ ਨੇ ਵਾਈ. ਐੱਫ. ਸੀ. ਰੁੜਕਾ ਕਲਾਂ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ  ਕਿ ਅਕੈਡਮੀ ਪੰਜਾਬ ਪੱਧਰ 'ਤੇ ਇਕ ਨਿਵੇਕਲੇ ਢੰਗ ਨਾਲ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਹੀ ਸੇਧ ਦਿੰਦੇ ਹੋਏ ਖੇਡ ਮੈਦਾਨ ਤੇ ਵਿੱਦਿਆ ਨਾਲ ਜੋੜ ਰਹੀ ਹੈ।ਇਸ ਮੌਕੇ ਉਨ੍ਹਾਂ ਨੇ ਆਪਣੇ ਅਖਤਿਆਰੀ ਫੰਡ 'ਚੋਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ । ਇਸ ਮੌਕੇ ਸੰਜੀਵ ਪਰਮਾਰ ਅਤੇ ਲਿਬਲਾਨ ਤੋਂ ਵਿਸ਼ਵ ਪ੍ਰਸਿੱਧ ਮਹਿਲਾ ਫੁੱਟਬਾਲਰ ਹੀਬਾ ਅਲ ਜ਼ਾਫਿਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਸੱਭਿਆਚਾਰਕ ਪ੍ਰੋਗਰਾਮ 'ਚ ਮਨਮੋਹਨ ਵਾਰਿਸ ਤੇ ਬਲਰਾਜ ਬਿਲਗਾ ਦੇ ਖੁੱਲ੍ਹੇ ਅਖਾੜੇ ਨੇ ਹਜ਼ਾਰਾਂ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਕਾਲਾ, ਸਰਪੰਚ ਜਸਵੀਰ ਸਿੰਘ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਸੰਧੂ, ਚੇਅਰਮੈਨ ਅਮਰਜੀਤ ਸਿੰਘ ਸੰਧੂ, ਸ਼ਿੰਦਾ ਮੈਂਬਰ ਜ਼ਿਲਾ ਪ੍ਰੀਸ਼ਦ, ਸੁਰਜਨ ਸਿੰਘ ਚੱਠਾ ਪ੍ਰਧਾਨ ਨਾਰਥ ਇੰਡੀਆ ਕਬੱਡੀ ਫੈੱਡਰੇਸ਼ਨ, ਗੁਰਮੇਲ ਸਿੰਘ ਸੰਧੂ , ਡਾ. ਲੇਖਰਾਜ ਲਵਲੀ, ਬਲਵੀਰ ਸਿੰਘ ਸੰਧੂ, ਭੁਪਿੰਦਰ ਸਿੰਘ ਸੰਧੂ (ਯੂ. ਐੱਸ. ਏ.) ਪ੍ਰਬੰਧਕ ਕਮੇਟੀ ਬਾਬਾ ਚਿੰਤਾ ਭਗਤ, ਸੋਹਣ ਸਿੰਘ ਸੰਧੂ, ਬਲਵੀਰ ਸਿੰਘ ਮੰਡੇਰ (ਯੂ. ਕੇ.), ਰਣਜੀਤ ਸਿੰਘ ਸੰਧੂ, ਹਰਜੀਤ ਰਿੰਡੀ, ਚੌਕੀ ਇੰਚਾਰਜ ਦਿਲਬਾਗ ਸਿੰਘ, ਮਾਸਟਰ ਭਗਤ ਸਿੰਘ ਨੰਬਰਦਾਰ, ਸ਼ਿਵ ਕੁਮਾਰ ਤਿਵਾੜੀ, ਬੂਟਾ ਰਾਮ ਘਈ, ਮੇਜਰ ਸਿੰਘ, ਵਿੱਕੀ ਉੱਭਾ, ਅਵਤਾਰ ਸਿੰਘ ਬਾਸੀ, ਰਿੱਕੀ ਸੱਭਰਵਾਲ ਅਤੇ ਵਾਈ. ਐੱਫ. ਸੀ. ਰੁੜਕਾ ਕਲਾਂ ਦੇ ਸਮੂਹ ਮੈਂਬਰ ਮੌਜੂਦ ਸਨ ।


Related News