ਸਿੱਖਿਆ ਮੰਤਰੀ ਤੇ ਅਧਿਆਪਕ ਜਥੇਬੰਦੀ ਆਹਮੋ-ਸਾਹਮਣੇ

08/17/2017 9:48:49 PM

ਅੰਮ੍ਰਿਤਸਰ (ਦਲਜੀਤ)- ਸਿੱਖਿਆ ਮੰਤਰੀ ਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵਿਭਾਗ 'ਚ ਹੋਈਆਂ ਬਦਲੀਆਂ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ ਹਨ। ਮੰਤਰੀ ਵੱਲੋਂ ਜਥੇਬੰਦੀ ਖਿਲਾਫ ਦਿੱਤੇ ਬਿਆਨ ਤੋਂ ਬਾਅਦ ਡੀ. ਟੀ. ਐੱਫ. ਨੇ ਮੰਤਰੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਜਥੇਬੰਦੀ ਨੇ ਪੰਜਾਬ 'ਚ 18 ਅਗਸਤ ਨੂੰ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ।
ਡੀ. ਟੀ. ਐੱਫ. ਪੰਜਾਬ ਅੰਮ੍ਰਿਤਸਰ ਦੇ ਜ਼ਿਲਾ ਪ੍ਰਧਾਨ ਅਸ਼ਵਨੀ ਅਵਸਥੀ ਦੀ ਅਗਵਾਈ 'ਚ ਇਕ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਜ਼ਿਲੇ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਅਵਸਥੀ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੁਆਰਾ ਇਕ ਪ੍ਰੈੱਸ ਕਾਨਫਰੰਸ ਕਰ ਕੇ ਅਧਿਆਪਕ ਜਥੇਬੰਦੀ ਡੀ. ਟੀ. ਐੱਫ. ਪੰਜਾਬ ਨੂੰ ਧਮਕੀਆਂ ਦੇਣ ਦੀ ਕਾਰਵਾਈ ਦੇ ਜਵਾਬ ਵਜੋਂ ਡੀ. ਟੀ. ਐੱਫ. ਪੰਜਾਬ ਦੀ ਸੂਬਾ ਕਮੇਟੀ ਵੱਲੋਂ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਮੰਤਰੀ ਵਿਰੁੱਧ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ ਕਰਦਿਆਂ ਕਿਹਾ ਗਿਆ ਕਿ ਇਸ ਤਰ੍ਹਾਂ ਅਧਿਆਪਕਾਂ ਦੀ ਆਵਾਜ਼ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਣ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਅਧਿਆਪਕਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪਿਛਲੀ ਸਰਕਾਰ ਦੀ ਤਰ੍ਹਾਂ ਅਣਗੌਲਿਆਂ ਕਰਨ ਦੀ ਨੀਤੀ 'ਤੇ ਚੱਲ ਰਹੇ ਹਨ, ਇਸ ਲਈ ਆਪਣੇ ਹੱਕ ਮੰਗਦੇ ਅਧਿਆਪਕਾਂ ਨੂੰ ਧਮਕਾਇਆ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਡੀ. ਟੀ. ਐੱਫ. ਪੰਜਾਬ ਅੰਮ੍ਰਿਤਸਰ ਜ਼ਿਲਾ ਕਮੇਟੀ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜ਼ਿਲਾ ਸਿੱਖਿਆ ਦਫਤਰ ਅੰਮ੍ਰਿਤਸਰ ਸਾਹਮਣੇ 18 ਅਗਸਤ ਨੂੰ 2.30 ਵਜੇ ਸਿੱਖਿਆ ਮੰਤਰੀ ਪੰਜਾਬ ਦਾ ਪੁਤਲਾ ਫੂਕਣ ਦਾ ਐਲਾਨ ਕੀਤਾ ਗਿਆ ਅਤੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਬਦਲੀਆਂ 'ਚ ਹੋਈਆਂ ਧਾਂਦਲੀਆਂ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ।
ਇਸ ਮੌਕੇ ਜਰਮਨਜੀਤ ਸਿੰਘ ਛੱਜਲਵੱਡੀ ਸੂਬਾ ਕਮੇਟੀ ਮੈਂਬਰ, ਸੁਖਰਾਜ ਸਿੰਘ ਸਰਕਾਰੀਆ, ਗੁਰਬਿੰਦਰ ਸਿੰਘ ਖਹਿਰਾ, ਸ਼ਮਸ਼ੇਰ ਸਿੰਘ, ਸਵਿੰਦਰ ਸਿੰਘ ਭੰਗਾਲੀ, ਅਮਰਜੀਤ ਸਿੰਘ ਵੇਰਕਾ ਸੂਬਾ ਕਮੇਟੀ ਮੈਂਬਰ, ਲਖਵਿੰਦਰ ਸਿੰਘ ਗਿੱਲ, ਅਮਰਜੀਤ ਸਿੰਘ ਭੱਲਾ, ਗੁਰਦੇਵ ਸਿੰਘ ਖਾਸਾਤੇ ਸਮੂਹ ਜ਼ਿਲਾ ਕਮੇਟੀ ਮੈਂਬਰ ਹਾਜ਼ਰ ਸਨ।


Related News