ਸਿੱਖਿਆ ਦੇ ਖੇਤਰ ''ਚ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਇਆ ਜਾਵੇਗਾ: ਅਰੁਣਾ ਚੌਧਰੀ

08/16/2017 2:49:54 PM

ਸੰਗਰੂਰ (ਰੂਪਕ)— ਦੇਸ਼ ਦੇ 71ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਪੁਲਸ ਲਾਈਨਜ਼ ਸਟੇਡੀਅਮ ਸੰਗਰੂਰ ਵਿਖੇ ਪੰਜਾਬ ਦੇ ਉਚੇਰੀ ਤੇ ਸਕੂਲ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੁੰਦਿਆਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸੰਗਰੂਰ ਦੀ ਇਤਿਹਾਸਕ ਧਰਤੀ 'ਤੇ ਜ਼ਿਲ੍ਹਾ ਵਾਸੀਆਂ ਨਾਲ ਆਜ਼ਾਦੀ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਆਜ਼ਾਦੀ ਦੀ ਲਹਿਰ ਵਿਚ ਕੁਰਬਾਨੀਆਂ ਕਰਨ ਵਾਲੇ ਮਹਾਨ ਸੁਤੰਤਰਤਾ ਸੰਗਰਾਮੀਆਂ ਵਿਚ ਸੁਨਾਮ ਦੇ ਸ਼ਹੀਦ ਊਧਮ ਸਿੰਘ ਦਾ ਨਾਮ ਪਹਿਲੀ ਕਤਾਰ ਵਿਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਪ੍ਰਾਪਤੀ ਲਈ ਪੰਜਾਬੀਆਂ ਨੇ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਤੇ  ਮਹਾਨ ਆਜ਼ਾਦੀ ਘੁਲਾਟੀਆਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ ਦੀਆਂ ਕੁਰਬਾਨੀਆਂ ਕਰ ਕੇ ਹੀ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ। ਉਨ੍ਹਾਂ ਇਸ ਮੌਕੇ ਦੇਸ਼ ਦੀ ਫੌਜ, ਪੈਰਾ ਮਿਲਟਰੀ ਫੋਰਸ ਅਤੇ ਸੂਬਿਆਂ ਦੀਆਂ ਪੁਲਿਸ ਫੋਰਸਜ਼ ਨੂੰ ਵੀ ਵਧਾਈ ਦਿੱਤੀ ਜਿਹੜੀਆਂ ਕਿ ਦਿਨ ਰਾਤ ਸੁਰੱਖਿਆ ਕਰ ਰਹੀਆਂ ਹਨ। ਉਨ੍ਹਾਂ ਆਪਸੀ ਭਾਈਚਾਰਾ, ਫਿਰਕੂ ਸਦਭਾਵਨਾ ਅਤੇ ਅਮਨ ਤੇ ਸ਼ਾਂਤੀ ਬਣਾਈ ਰੱਖਣ ਅਤੇ ਦੇਸ਼ ਦੀ ਖੁਸ਼ਹਾਲੀ ਲਈ ਆਪਣਾ ਯੋਗਦਾਨ ਪਾਉਣ ਦਾ ਸੱਦਾ ਵੀ ਦਿੱਤਾ। ਸ਼੍ਰੀਮਤੀ ਅਰੁਣਾ ਚੌਧਰੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਨੇ ਆਪਣੇ 4 ਮਹੀਨਿਆਂ ਦੇ ਕਾਰਜਕਾਲ ਦੌਰਾਨ ਵੱਖ-ਵੱਖ ਖੇਤਰਾਂ 'ਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਜੰਗ ਛੇੜਦਿਆਂ ਮਜ਼ਬੂਤ ਲੋਕਪਾਲ ਬਿੱਲ ਬਣਾਇਆ, ਈ-ਗਵਰਨੈਂਸ ਅਤੇ ਈ-ਆਕਸ਼ਨ ਸ਼ੁਰੂ ਕਰਵਾ ਕੇ ਪਾਰਦਰਸ਼ੀ ਸੇਵਾਵਾਂ ਦੇਣ ਦੀ ਮੁਹਿੰਮ ਸ਼ੁਰੂ ਕੀਤੀ, ਨਸ਼ਿਆਂ ਖਿਲਾਫ ਮੁਹਿੰਮ ਤੇਜ਼ ਕਰਨ ਲਈ ਐਸ. ਟੀ. ਐਫ. ਬਣਾਈ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਜਾਂਚ ਲਈ ਜੁਡੀਸ਼ੀਅਲ ਕਮਿਸ਼ਨ ਸਥਾਪਿਤ ਕੀਤਾ ਗਿਆ ਹੈ। ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਖੇਤੀਬਾੜੀ ਨੂੰ ਤਰਜੀਹ ਦਿੰਦੇ ਹੋਏ ਖੇਤੀਬਾੜੀ ਕਰਜ਼ਾ ਮੁਆਫ਼ ਕਰਨ ਲਈ ਸਰਕਾਰ ਵਚਨਬੱਧ ਹੈ। 
ਅਰੁਣਾ ਚੌਧਰੀ ਨੇ ਕਿਹਾ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਵੱਡੇ ਉਪਰਾਲਿਆਂ ਤੋਂ ਇਲਾਵਾ ਸਿੱਖਿਆ ਦੇ ਖੇਤਰ 'ਚ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਫਰਨੀਚਰ, ਸਰਕਾਰੀ ਕਾਲਜਾਂ ਵਿਚ ਮੁਫਤ ਵਾਈ-ਫਾਈ ਸੁਵਿਧਾ, ਸੂਬੇ ਵਿਚ 5 ਨਵੇਂ ਡਿਗਰੀ ਕਾਲਜ ਖੋਲ੍ਹਣਾ ਮੁੱਖ ਪਹਿਲ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਤੇ ਕਾਲਜਾਂ ਵਿਚ ਲੜਕੀਆਂ ਨੂੰ ਨਰਸਰੀ ਤੋਂ ਪੀ-ਐੱਚ. ਡੀ ਤੱਕ ਮੁਫ਼ਤ ਸਿੱਖਿਆ ਦੇਣ ਦਾ ਫੈਸਲਾ ਕੀਤਾ ਹੈ ਅਤੇ ਪੁਰਾਣੇ ਸਰਕਾਰੀ ਕਾਲਜਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਬਜਟ ਵਿਚ 10 ਕਰੋੜ ਰੁਪਏ ਰੱਖੇ ਗਏ, ਜਿਸ ਵਿਚ ਮਲੇਰਕੋਟਲਾ ਦਾ ਸਰਕਾਰੀ ਕਾਲਜ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਵਿਖੇ ਉਰਦੂ ਅਕਾਦਮੀ ਨੂੰ ਇਸ ਸਾਲ ਬਜਟ ਵਿਚੋਂ 3 ਕਰੋੜ ਰੁਪਏ ਦੇਣ ਦਾ ਪ੍ਰਸਤਾਵ ਹੈ। ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਹਮੇਸ਼ਾ ਹੀ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ, ਘੱਟ ਗਿਣਤੀਆਂ ਅਤੇ ਵਿਸ਼ੇਸ਼ ਵਿਅਕਤੀਆਂ ਦੀ ਭਲਾਈ ਲਈ ਵਚਨਬੱਧ ਰਹੀ ਹੈ ਅਤੇ ਸ਼ਹਿਰੀ ਐਸ. ਸੀ/ਬੀ. ਸੀ. ਪਰਿਵਾਰਾਂ ਨੂੰ ਮੁਫਤ ਰਿਹਾਇਸ਼ ਪ੍ਰਦਾਨ ਕਰਨ ਲਈ 'ਪੰਜਾਬ ਸ਼ਹਿਰੀ ਆਵਾਸ ਯੋਜਨਾ 2017' ਦੀ ਸ਼ੁਰੂਆਤ ਕੀਤੀ।


Related News