ਡੀ. ਈ. ਓ. ਸਾਹਬ ! ਸਾਡਾ ਫੋਨ ਤਕ ਨਹੀਂ ਚੁਕਦੇ

06/25/2017 7:36:38 AM

ਲੁਧਿਆਣਾ(ਵਿੱਕੀ)-ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਪ੍ਰਮੁੱਖਾਂ ਵਲੋਂ ਵਿਭਾਗੀ ਕਾਰਜ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਇਲਾਵਾ ਕਲੱਸਟਰ ਪ੍ਰਮੁੱਖਾਂ ਦਾ ਫੋਨ ਤਕ ਨਾ ਚੁੱਕੇ ਜਾਣ ਦਾ ਮਾਮਲਾ ਡੀ. ਈ. ਓ. ਡਾ. ਚਰਨਜੀਤ ਸਿੰਘ ਦੇ ਕੋਲ ਪਹੁੰਚ ਗਿਆ ਹੈ। ਵੱਖ-ਵੱਖ ਕਲੱਸਟਰ ਪ੍ਰਮੁੱਖਾਂ ਵੱਲੋਂ ਕੀਤੀ ਗਈ ਸਕੂਲ ਪ੍ਰਮੁੱਖਾਂ ਦੀ ਸ਼ਿਕਾਇਤ ਦਾ ਡੀ. ਈ. ਓ. ਨੇ ਸਖਤ ਨੋਟਿਸ ਲਿਆ।  ਇਸ ਸਬੰਧੀ ਉਨ੍ਹਾਂ ਨੇ ਜ਼ਿਲੇ ਦੇ ਸਮੂਹ ਸਕੂਲ ਪ੍ਰਮੁੱਖਾਂ ਨੂੰ ਪੱਤਰ ਜਾਰੀ ਕਰ ਕੇ ਚਿਤਾਵਨੀ ਦਿੱਤੀ ਕਿ ਭਵਿੱਖ 'ਚ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਉਨ੍ਹਾਂ ਕੋਲ ਪਹੁੰਚੀ ਤਾਂ ਜਾਂਚ ਦੇ ਬਾਅਦ ਨਿਯਮਾਂ ਅਨੁਸਾਰ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
ਈ-ਮੇਲ ਤੱਕ ਚੈੱਕ ਨਹੀਂ ਕਰਦੇ ਕਈ ਸਕੂਲ
ਕਲੱਸਟਰ ਸਕੂਲ ਪ੍ਰਮੁੱਖਾਂ ਮੁਤਾਬਕ ਕਈ ਸਕੂਲ ਪ੍ਰਮੁੱਖ ਰੋਜ਼ਾਨਾਂ ਈ-ਮੇਲ ਚੈੱਕ ਕਰਨ ਤੋਂ ਵੀ ਕਤਰਾਉਂਦੇ ਹਨ ਜਿਸ ਨਾਲ ਕਲੱਸਟਰ ਸਕੂਲਾਂ ਦਾ ਸਮਾਂ ਤੇ ਸ਼ਕਤੀ ਨਸ਼ਟ ਹੁੰਦੀ ਹੈ। ਉਥੇ ਮੁੱਖ ਦਫਤਰ ਨੂੰ ਕੋਈ ਸੂਚਨਾ ਭੇਜਣ ਦਾ ਕੰਮ ਵੀ ਉਕਤ ਸਕੂਲਾਂ ਦੀ ਵਜ੍ਹਾ ਨਾਲ ਲੇਟ ਹੋ ਜਾਂਦਾ ਹੈ। ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਕਈ ਉਦਾਹਰਨਾਂ ਦੇ ਕੇ ਡੀ. ਈ. ਓ. ਨੂੰ ਜਾਣੂ ਕਰਵਾਇਆ ਕਿ ਸਕੂਲ ਪ੍ਰਮੁੱਖਾਂ ਨੂੰ ਕਲੱਸਟਰ ਸਕੂਲਾਂ ਵੱਲੋਂ ਮੰਗੀ ਜਾਣ ਵਾਲੀ ਹਰ ਸੂਚਨਾ ਤਹਿ ਸਮੇਂ 'ਤੇ ਮੁਹੱਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਜਾਣ।
34 ਕਲੱਸਟਰਾਂ 'ਚ ਹਨ 553 ਸਕੂਲ
ਜਾਣਕਾਰੀ ਮੁਤਾਬਕ ਸਿੱਖਿਆ ਵਿਭਾਗ ਨੇ ਵਿਭਾਗੀ ਕੰਮਕਾਜ ਨੂੰ ਯੋਜਨਾਬੱਧ ਤਰੀਕੇ ਨਾਲ ਕਰਵਾਉਣ ਲਈ ਵੱਖ-ਵੱਖ ਸਕੂਲਾਂ ਦਾ ਨਾਂ ਕਲੱਸਟਰ ਪੱਧਰ 'ਤੇ ਵੰਡਿਆ ਹੋਇਆ ਹੈ। ਲੁਧਿਆਣਾ 'ਚ 6ਵੀਂ ਤੋਂ 12ਵੀਂ ਤਕ ਦੇ ਕਰੀਬ 533 ਸਕੂਲ ਹਨ ਜਿਨ੍ਹਾਂ ਨੂੰ ਵਿਭਾਗ ਨੇ ਅਨੁਪਾਤ ਦੇ ਮੁਤਾਬਕ ਅਲੱਗ-ਅਲੱਗ ਕਲੱਸਟਰਾਂ 'ਚ ਵੰਡਿਆ ਹੋਇਆ ਹੈ ਤਾਂ ਕਿ ਸਾਰੇ ਸਕੂਲਾਂ ਤਕ ਵਿਭਾਗ ਦੇ ਇਲਾਵਾ ਕਲੱਸਟਰ ਸਕੂਲਾਂ ਦੇ ਜ਼ਰੀਏ ਵੀ ਹਰ ਸੂਚਨਾ ਪਹੁੰਚਾਈ ਜਾ ਸਕੇ ਪਰ ਕੁੱਝ ਕਲੱਸਟਰ ਸਕੂਲਾਂ ਨੇ ਡੀ. ਈ. ਓ. ਨੂੰ ਦੱਸਿਆ ਕਿ ਵੱਖ-ਵੱਖ ਸਕੂਲ ਪ੍ਰਮੁੱਖਾਂ ਵੱਲੋਂ ਉਨ੍ਹਾਂ ਨੂੰ ਡਾਕ ਸਮੇਂ 'ਤੇ ਨਾ ਪਹੁੰਚਣ ਦੇ ਇਲਾਵਾ ਕਈ ਉਨ੍ਹਾਂ ਦਾ ਫੋਨ ਤੱਕ ਵੀ ਨਹੀਂ ਚੁੱਕਿਆ ਜਾਂਦਾ।
ਡਾ. ਚਰਨਜੀਤ ਨੇ ਦਿੱਤੀ ਕਾਰਵਾਈ ਦੀ ਚਿਤਾਵਨੀ
ਡੀ. ਈ. ਓ. ਨੇ ਕਲੱਸਟਰ ਪ੍ਰਮੁੱਖਾਂ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਜਾਰੀ ਪੱਤਰ 'ਚ ਦੋ ਟੁਕ ਕਿਹਾ ਕਿ ਸਕੂਲ ਪ੍ਰਮੁੱਖ ਆਪਣੀ ਜ਼ਿੰਮੇਵਾਰੀ ਗੰਭੀਰਤਾ ਨਾਲ ਨਿਭਾਉਣ। ਡੀ. ਈ. ਓ. ਨੇ ਸਾਫ ਕਿਹਾ ਕਿ ਜੇਕਰ ਭਵਿੱਖ 'ਚ ਕਿਸੇ ਸਕੂਲ ਪ੍ਰਮੁੱਖ ਨੇ ਕਲੱਸਟਰ ਪ੍ਰਮੁੱਖ ਜਾਂ ਦਫਤਰ ਵੱਲੋਂ ਕੋਈ ਸੂਚਨਾ ਲੈਣ ਸਬੰਧੀ ਕੀਤਾ ਗਿਆ ਫੋਨ ਅਟੈਂਡ ਨਾ ਕੀਤਾ ਤਾਂ ਉਸ ਦੇ ਖਿਲਾਫ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।


Related News