ਸਰਦੀ ਦੀ ਪਹਿਲੀ ਬਰਸਾਤ ਨਾਲ ਪਾਰਾ 7 ਡਿਗਰੀ ਹੇਠਾਂ ਡਿੱਗਾ

12/12/2017 6:20:35 AM

ਪਟਿਆਲਾ/ਰੱਖੜਾ, (ਬਲਜਿੰਦਰ, ਰਾਣਾ, ਜੋਸਨ)- ਪਹਿਲਾਂ ਸਮੋਗ ਤੇ ਫੋਗ ਅਤੇ ਫਿਰ ਅਸਮਾਨ 'ਤੇ ਛਾਏ ਜ਼ਹਿਰੀਲੇ ਧੂੰਏਂ ਤੋਂ ਬਾਅਦ ਆਖਰ ਸਰਦੀ ਦੀ ਪਹਿਲੀ ਬਰਸਾਤ ਅੱਜ ਸਵੇਰ ਤੋਂ ਸ਼ੁਰੂ ਹੋ ਗਈ। ਇਸ ਨਾਲ ਜਿਥੇ ਮੌਸਮ ਨੇ ਕਰਵਟ ਲਈ, ਉਥੇ ਪਾਰਾ ਵੀ 7 ਡਿਗਰੀ ਹੇਠਾਂ ਆ ਡਿੱਗਾ। ਅੱਜ ਸਵੇਰੇ ਇਕਦਮ ਅਸਮਾਨ 'ਤੇ ਕਾਲੇ ਬੱਦਲ ਛਾ ਗਏ। ਹਲਕੀ ਬਰਸਾਤ ਸ਼ੁਰੂ ਹੋ ਗਈ, ਜਿਹੜੀ ਕਿ ਸਾਰਾ ਦਿਨ ਰੁਕ-ਰੁਕ ਕੇ ਹੁੰਦੀ ਰਹੀ। ਹਵਾ ਨਾਲ ਮੌਸਮ ਵਿਚ ਇਕਦਮ ਠੰਡਕ ਛਾ ਗਈ। ਠੰਡੀਆਂ ਹਵਾਵਾਂ ਨੇ ਇਕਦਮ ਮੌਸਮ ਨੂੰ ਠੰਡਾ-ਠਾਰ ਕਰ ਦਿੱਤਾ। ਜਿਹੜਾ ਘੱਟ ਤੋਂ ਘੱਟ ਤਾਪਮਾਨ ਪਿਛਲੇ ਕਈ ਦਿਨਾਂ ਤੋਂ ਔਸਤਨ 14 ਤੋਂ 15 ਡਿਗਰੀ ਵਿਚਕਾਰ ਚੱਲ ਰਿਹਾ ਸੀ, ਉਸ ਦੇ ਅਗਲੇ ਦਿਨਾਂ ਵਿਚ ਔਸਤਨ 7 ਤੋਂ 8 ਡਿਗਰੀ ਤੱਕ ਪਹੁੰਚਣ ਦੇ ਆਸਾਰ ਹਨ। 
ਮੌਸਮ ਮਾਹਰਾਂ ਅਨੁਸਾਰ ਬਰਸਾਤ ਮੰਗਲਵਾਰ ਤੱਕ ਹੀ ਦੱਸੀ ਜਾ ਰਹੀ ਹੈ। ਅਸਮਾਨ ਵਿਚ ਬੱਦਲ ਅਗਲੇ ਇਕ ਹਫਤੇ ਤੱਕ ਦੱਸੇ ਜਾ ਰਹੇ ਹਨ। ਇਸ ਹਲਕੀ ਬਰਸਾਤ ਨਾਲ ਸਰਦੀ ਦੀ ਸ਼ੁਰੂਆਤ ਹੋ ਗਈ ਹੈ। ਇਸ ਨਾਲ ਗਰਮ ਕੱਪੜਾ ਵਿਕਰੇਤਾਵਾਂ ਨੇ ਰਾਹਤ ਮਹਿਸੂਸ ਕੀਤੀ ਹੈ। 
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੇਜ਼ ਧੁੱਪ ਕਾਰਨ ਅਜੇ ਲੋਕਾਂ ਨੂੰ ਸਰਦੀ ਦੇ ਕੱਪੜਿਆਂ ਦੀ ਲੋੜ ਨਹੀਂ ਸੀ ਮਹਿਸੂਸ ਹੋ ਰਹੀ। ਅੱਜ ਦੀ ਬਰਸਾਤ ਕਾਰਨ ਦਿਨ ਦਾ ਤਾਪਮਾਨ ਕੱਲ ਦੇ 26 ਡਿਗਰੀ ਦੇ ਮੁਕਾਬਲੇ ਘਟ ਕੇ 19 ਡਿਗਰੀ ਰਹਿ ਗਿਆ ਹੈ ਅਤੇ ਬਰਸਾਤ ਨਾਲ ਨਗਰ ਨਿਗਮ ਦੇ ਚੋਣ ਪ੍ਰਚਾਰ 'ਤੇ ਵੀ ਅਸਰ ਪਿਆ ਹੈ।
ਹਲਕੀ ਬਰਸਾਤ ਨਾਲ ਕਣਕ ਨੂੰ ਮਿਲੇਗਾ ਲਾਭ
ਹਲਕੀ ਬਰਸਾਤ ਕਾਰਨ ਕਣਕ ਦੀ ਫਸਲ ਨੂੰ ਲਾਭ ਮਿਲ ਸਕਦਾ ਹੈ। ਇਸ ਸਬੰਧੀ ਖੇਤੀ ਕਰਨ ਵਾਲੇ ਪ੍ਰਗਟ ਸਿੰਘ ਬੋਲੜ ਕਲਾਂ, ਹਰਵਿੰਦਰ ਸਿੰਘ ਭੋਲਾ ਟੌਹੜਾ, ਸਤਗੁਰ ਸਿੰਘ ਕਲਿਆਣ, ਅਜਮੇਰ ਸਿੰਘ ਪਸਿਆਣਾ ਤੇ ਪਰਦੀਪ ਸਿੰਘ ਭਾਂਖਰ ਨੇ ਦੱਸਿਆ ਕਿ ਇਸ ਮੌਸਮ ਵਿਚ ਪਈਆਂ ਕਣੀਆਂ ਕਾਰਨ ਫਸਲ ਦੀ ਪੈਦਾਵਾਰ ਵਧੀਆ ਹੋ ਸਕਦੀ ਹੈ। ਕਣਕ ਦੀ ਫਸਲ ਨੂੰ ਬੋਰਾਂ ਦੇ ਪਾਣੀ ਨਾਲੋਂ ਜੇ ਕੁਦਰਤੀ ਮੀਂਹ ਦਾ ਪਾਣੀ ਮਿਲਦਾ ਹੈ ਤਾਂ ਉਹ ਬਹੁਤ ਵਧੀਆ ਹੁੰਦਾ ਹੈ।
ਬੱਚਿਆਂ ਤੇ ਬਜ਼ੁਰਗਾਂ ਨੂੰ ਬਚਾਅ ਕੇ ਰੱਖੋ ਠੰਡ ਤੋਂ : ਡਾ. ਸੋਢੀ
ਭਾਵੇਂ ਕਣੀਆਂ ਫਸਲਾਂ ਅਤੇ ਮੌਸਮ ਦੇ ਲਿਹਾਜ ਨਾਲ ਸਾਰਿਆਂ ਲਈ ਹੀ ਫਾਇਦੇਮੰਦ ਹੋ ਸਕਦੀਆਂ ਹਨ, ਫਿਰ ਵੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਠੰਡ ਤੋਂ ਬਚਾਅ ਕੇ ਰੱਖਣ ਦੀ ਜ਼ਰੂਰਤ ਹੈ। ਇਸ ਸਬੰਧੀ ਡਾ. ਜਤਿੰਦਰਪਾਲ ਸਿੰਘ ਸੋਢੀ ਨੇ ਦੱਸਿਆ ਇਸ ਠੰਡ ਕਾਰਨ ਸਾਰਿਆਂ ਨੂੰ ਆਪਣਾ ਮੱਥਾ ਅਤੇ ਛਾਤੀ ਸਿੱਧੀ ਠੰਡ ਅਤੇ ਹਵਾ ਤੋਂ ਬਚਾਉਣ ਲਈ ਗਰਮ ਕੱਪੜਿਆਂ ਨਾਲ ਢਕ ਕੇ ਰੱਖਣੀ ਚਾਹੀਦੀ ਹੈ। ਗਰਮ ਚੀਜ਼ਾਂ ਦਾ ਸੇਵਨ ਵੀ ਠੀਕ ਹੈ।


Related News