ਪੈਸੇ ਦੀ ਘਾਟ ਕਾਰਨ ਲੋਕ ਖ਼ਰੀਦਦਾਰੀ ਕਰਨ ਤੋਂ ਕਤਰਾਉਣ ਲੱਗੇ

10/18/2017 7:40:26 AM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਕੌਮੀ ਤਿਉਹਾਰ ਦੀਵਾਲੀ ਤੇ ਬੰਦੀ ਛੋੜ ਦਿਵਸ ਜੋ ਕਿ 19 ਅਕਤੂਬਰ ਨੂੰ ਸਾਰੇ ਦੇਸ਼ 'ਚ ਮਨਾਇਆ ਜਾ ਰਿਹਾ ਹੈ। ਦੀਵਾਲੀ ਦਾ ਤਿਉਹਾਰ ਮਨਾਉਣ ਲਈ ਲੋਕਾਂ ਨੇ ਕਈ ਹਫਤੇ ਪਹਿਲਾਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਲੋਕਾਂ ਨੇ ਆਪਣੇ ਘਰਾਂ ਨੂੰ ਰੰਗ-ਰੋਗਨ ਕਰਵਾਇਆ ਤੇ ਸਾਫ-ਸਫਾਈਆਂ ਕਰਵਾਈਆਂ।
ਇਸ ਤੋਂ ਇਲਾਵਾ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ 'ਤੇ ਕਾਫੀ ਸਮਾਂ ਪਹਿਲਾਂ ਹੀ ਕਈ ਪ੍ਰਕਾਰ ਦਾ ਸਾਮਾਨ ਲਿਆ ਕਿ ਜਮ੍ਹਾ ਕਰ ਲਿਆ ਸੀ ਤਾਂ ਜੋ ਦੀਵਾਲੀ ਮੌਕੇ ਇਸ ਨੂੰ ਵੇਚਿਆ ਜਾ ਸਕੇ। ਹਰ ਸਾਲ ਦੀਵਾਲੀ ਨੂੰ ਪਟਾਕੇ ਵੇਚਣ ਵਾਲੇ ਵਿਅਕਤੀਆਂ ਨੇ ਵੀ ਕਈ ਹਫਤੇ ਪਹਿਲਾਂ ਹੀ ਪਟਾਕਿਆਂ ਦਾ ਸਟਾਕ ਜਮ੍ਹਾ ਕਰ ਕਿ ਰੱਖ ਲਿਆ ਸੀ ਪਰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਪਹਿਲਾਂ ਹੀ ਪਟਾਕੇ ਰੱਖਣ ਵਾਲੇ ਲੋਕਾਂ ਦੇ ਚਿਹਰੇ ਮੁਰਝਾ ਗਏ ਹਨ। ਜ਼ਿਲਾ ਪ੍ਰਸ਼ਾਸਨ ਵੱਲੋਂ ਵੀ ਪਿਛਲੇ ਸਾਲ 143 ਦੇ ਮੁਕਾਬਲੇ ਇਸ ਵਾਰ ਜ਼ਿਲੇ 'ਚ ਸਿਰਫ਼ 20 ਫੀਸਦੀ ਆਰਜ਼ੀ ਲਾਇਸੈਂਸ/ਪਰਮਿਟ ਜਿਨ੍ਹਾਂ ਦੀ ਗਿਣਤੀ 29 ਬਣਦੀ ਹੈ ਡਰਾਅ ਰਾਹੀਂ ਜਾਰੀ ਕੀਤੇ ਗਏ ਹਨ। ਜਾਰੀ ਪਰਮਿਟ ਵਾਲੇ ਵਿਅਕਤੀ/ਫਰਮਾਂ ਹੀ ਪਟਾਕੇ ਵੇਚ ਸਕਦੀਆਂ ਹਨ।
ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਲਈ ਸਮਾਂ ਵੀ ਨਿਰਧਾਰਿਤ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੁਕਾਨਦਾਰਾਂ ਨੇ ਪਹਿਲਾਂ ਹੀ ਪਟਾਕੇ ਵੇਚਣ ਲਈ ਜਮ੍ਹਾ ਕਰ ਰੱਖੇ ਹਨ ਉਹ ਹੁਣ ਪੈਸੇ ਖਰਚ ਕਰ ਕੇ ਪਛਤਾ ਰਹੇ ਹਨ ਤੇ ਸਸਤੇ ਰੇਟ 'ਤੇ ਆਪਣਾ ਸਟਾਕ ਕੱਢਣ ਲਈ ਉਤਾਵਲੇ ਹਨ। ਲੋਕਾਂ ਦੇ ਕੰਮ ਕਾਰ ਨਾ ਚੱਲਣ ਕਾਰਨ, ਜੀ.ਐਸ.ਟੀ ਕਾਰਨ ਤੇ ਕਈ ਸਰਕਾਰੀ ਤੇ ਪ੍ਰਾਈਵੇਟ ਕੰਪਨੀਆਂ ਦੇ ਮੁਲਾਜ਼ਮਾਂ ਨੂੰ ਕਈ ਮਹੀਨੇ ਦੀਆਂ ਤਨਖ਼ਾਹਾਂ ਨਾ ਮਿਲਣ ਕਾਰਨ ਸਾਮਾਨ ਖਰੀਦਣ ਲਈ ਬਾਜ਼ਾਰਾਂ 'ਚ ਖ਼ਰੀਦਾਰਾਂ ਦੀ ਕਾਫੀ ਘਾਟ ਰੜਕ ਰਹੀ ਹੈ। ਦੁਕਾਨਦਾਰ ਵਿਹਲੇ ਬੈਠੇ ਗਾਹਕਾਂ ਦੀ ਉਡੀਕ ਕਰ ਰਹੇ ਹਨ। ਬਾਜ਼ਾਰਾਂ 'ਚ ਰੌਣਕਾਂ ਨਾ ਮਾਤਰ ਹਨ। ਹਲਵਾਈਆਂ ਦੀਆਂ ਦੁਕਾਨਾਂ 'ਤੇ ਵੀ ਸਨਾਟਾ ਛਾਇਆ ਹੋਇਆ ਹੈ। 


Related News