ਟੈਂਕੀ ਦਾ ਕੁਨੈਕਸ਼ਨ ਕੱਟਣ ਕਾਰਨ ਬਾਲੋਂ ਵਾਸੀ ਪਾਣੀ ਨੂੰ ਤਰਸੇ

12/12/2017 1:36:45 AM

ਬਹਿਰਾਮ, (ਗੁਰਨਾਮ)- ਪਿੰਡ ਬਾਲੋਂ 'ਚ ਪਾਣੀ ਵਾਲੀ ਟੈਂਕੀ ਦਾ ਬਿਜਲੀ ਬੋਰਡ ਵੱਲੋਂ ਕੁਨੈਕਸ਼ਨ ਕੱਟ ਦੇਣ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੀ ਸਰਪੰਚ ਬੀਬੀ ਜੋਗਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਤੋਂ ਪਾਣੀ ਵਾਲੀ ਟੈਂਕੀ ਪਿੰਡ 'ਚ ਬਣੀ ਹੈ ਉਸ ਸਮੇਂ ਤੋਂ ਵਾਟਰ ਸਪਲਾਈ ਵਿਭਾਗ ਨੇ 1 ਲੱਖ 84 ਹਜ਼ਾਰ ਰੁਪਏ ਜੋ ਲਾਈਨ ਖਰਚਾ ਬਿਜਲੀ ਬੋਰਡ ਨੂੰ ਦੇਣਾ ਸੀ, ਸਬੰਧਿਤ ਵਿਭਾਗ ਨੂੰ ਨਹੀਂ ਦਿੱਤਾ । ਜਿਸ ਕਾਰਨ ਬਿਜਲੀ ਵਿਭਾਗ ਵੱਲੋਂ ਪਾਣੀ ਵਾਲੀ ਟੈਂਕੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ । ਜੋ ਪਾਣੀ ਦੀ ਟੈਂਕੀ ਦਾ ਬਿੱਲ ਆ ਰਿਹਾ ਹੈ ਉਹ ਅਸੀਂ ਲਗਾਤਾਰ ਬਿਜਲੀ ਬੋਰਡ ਨੂੰ ਦੇ ਰਹੇ ਹਾਂ। ਪਿੰਡ ਦੀ ਪੰਚਾਇਤ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਵਾਟਰ ਸਪਲਾਈ ਵਿਭਾਗ ਨਾਲ ਤੇ ਬਿਜਲੀ ਵਿਭਾਗ ਨਾਲ ਸੰਪਰਕ ਕੀਤਾ ਗਿਆ ਪਰ ਇਸ ਦਾ ਕੋਈ ਹੱਲ ਨਹੀਂ ਨਿਕਲਿਆ।
ਉਨ੍ਹਾਂ ਦੱਸਿਆ ਕਿ ਪਿੰਡ ਦੇ ਜ਼ਿਆਦਾਤਰ ਲੋਕ ਅਜਿਹੇ ਹਨ ਜੋ ਪਾਣੀ ਵਾਲੀ ਟੈਂਕੀ 'ਤੇ ਹੀ ਨਿਰਭਰ ਹਨ ਜਿਸ ਕਾਰਨ ਪਿੰਡ ਵਾਸੀ ਪਾਣੀ ਨਾ ਮਿਲਣ ਕਾਰਨ ਭਾਰੀ ਪ੍ਰੇਸ਼ਾਨੀ ਦੇ ਦੌਰ 'ਚੋਂ ਗੁਜ਼ਰ ਰਹੇ ਹਨ । ਜਦੋਂ ਇਸ ਸਬੰਧੀ ਵਾਟਰ ਸਪਲਾਈ ਵਿਭਾਗ ਦੇ ਐਕਸੀਅਨ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ । ਪੰਚਾਇਤ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ ।


Related News