ਸਰਹਿੰਦ ''ਚ ਪਏ ਮੀਂਹ ਕਾਰਨ ਸੜਕਾਂ ਨੇ ਧਾਰਿਆ ਝੀਲ ਦਾ ਰੂਪ

12/13/2017 6:47:06 AM

ਫਤਿਹਗੜ੍ਹ ਸਾਹਿਬ, (ਜ. ਬ.)- ਅੱਜ ਫਤਿਹਗੜ੍ਹ ਸਾਹਿਬ ਵਿਖੇ ਪਏ ਹਲਕੇ ਮੀਂਹ ਨਾਲ ਜਿੱਥੇ ਸ਼ਹਿਰ ਜਲ ਥਲ ਹੋ ਗਿਆ, ਉੱਥੇ ਹੀ ਸੜਕਾਂ ਵੀ ਝੀਲ ਦਾ ਰੂਪ ਧਾਰਨ ਕਰ ਗਈਆਂ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। 
ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਸ਼ੇਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ 'ਚ ਪੀ. ਡਬਲਿਯੂ. ਡੀ. ਵਿਭਾਗ ਅਤੇ ਸੀਵਰੇਜ ਬੋਰਡ ਵੱਲੋਂ ਸੜਕਾਂ ਨੂੰ ਚੌੜਾ ਕਰਨ ਤੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਦੀਆਂ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ। ਉਹ ਦੋਵੇਂ ਵਿਭਾਗਾਂ ਦੇ ਐਕਸੀਅਨਾਂ ਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਸੜਕਾਂ ਨੂੰ ਚੌੜਾ ਕਰਨ ਸਮੇਂ ਜੋ ਮਿੱਟੀ ਸਾਈਡਾਂ 'ਤੇ ਰੱਖੀ ਜਾਂਦੀ ਹੈ, ਉਸ ਨੂੰ ਕਿਸੇ ਹੋਰ ਪਾਸੇ ਰੱਖਿਆ ਜਾਵੇ ਪਰ ਉਨ੍ਹਾਂ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਅੱਜ ਪਏ ਮੀਂਹ ਕਾਰਨ ਇੱਥੇ ਸਾਰਾ ਪਾਣੀ ਸੜਕ 'ਤੇ ਆ ਕੇ ਖੜ੍ਹਾ ਹੋ ਗਿਆ ਅਤੇ ਸਰਹਿੰਦ ਬੱਸੀ ਸੜਕ ਝੀਲ ਦਾ ਰੂਪ ਧਾਰਨ ਕਰ ਗਈ। 
ਉਨ੍ਹਾਂ ਕਿਹਾ ਕਿ ਦੋਵੇਂ ਵਿਭਾਗਾਂ ਦੇ ਅਧਿਕਾਰੀ ਤੇ ਲੇਬਰ ਵੱਲੋਂ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਚੱਲ ਰਹੇ ਕੰਮਾਂ ਦੀ ਸਮੇਂ ਸਿਰ ਚੈਕਿੰਗ ਕਰਵਾਏ। ਪੀ. ਡਬਲਿਯੂ. ਡੀ. ਵਿਭਾਗ ਵੱਲੋਂ ਸੜਕਾਂ ਦੀਆਂ ਸਾਈਡਾਂ ਨੂੰ ਨੀਵਾਂ ਕਰ ਕੇ ਜੋ ਗੰਦੇ ਪਾਣੀ ਦੀ ਨਿਕਾਸੀ ਲਈ ਡਰੇਨ ਬਣਾਈ ਗਈ ਹੈ, ਉਸ ਵਿਚ ਮੀਂਹ ਦੇ ਪਾਣੀ ਨੂੰ ਚੱਲਦਾ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜੋਤੀ ਸਰੂਪ ਮੋੜ ਟੀ-ਜੰਕਸ਼ਨ 'ਤੇ ਵੀ ਜਿੱਥੇ ਚੌਕ ਬਣਾਉਣ ਦਾ ਕੰਮ ਚੱਲ ਰਿਹਾ ਹੈ, ਉੱਥੇ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪਾਂ ਵੀ ਪਾਈਆਂ ਜਾ ਰਹੀਆਂ ਹਨ ਪਰ ਮੀਂਹ ਪੈਣ ਕਾਰਨ ਇਹ ਪਾਈਪਾਂ ਵੀ ਬੰਦ ਹੋ ਗਈਆਂ, ਜਿਸ ਦਾ ਮੁੱਖ ਕਾਰਨ ਇਸ ਦਾ ਸਹੀ ਲੈਵਲ ਨਹੀਂ ਕਰਨਾ ਹੈ। ਇਸ ਲਈ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਦਾ ਸਹੀ ਢੰਗ ਨਾਲ ਲੈਵਲ ਕਰ ਕੇ ਇਹ ਕੰਮ ਮੁਕੰਮਲ ਕੀਤਾ ਜਾਵੇ ਕਿਉਂਕਿ ਇੱਥੇ ਜ਼ਿਆਦਾ ਮੀਂਹ ਪੈਣ ਕਾਰਨ ਲੋਕਾਂ ਦੇ ਘਰਾਂ 'ਚ ਪਾਣੀ ਦਾਖ਼ਲ ਹੋ ਸਕਦਾ ਹੈ। 
ਕੀ ਕਹਿਣਾ ਹੈ ਸਾਬਕਾ ਕੌਂਸਲਰ ਦਾ 
ਇਸ ਸਬੰਧੀ ਜਦੋਂ ਸਾਬਕਾ ਕੌਂਸਲਰ ਆਨੰਦ ਮੋਹਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਸੜਕਾਂ 'ਤੇ ਪਾਣੀ ਖੜ੍ਹਾ ਹੋ ਜਾਂਦਾ ਹੈ। ਇਸ ਸਬੰਧੀ ਉਨ੍ਹਾਂ ਨੇ ਵਿਭਾਗ ਦੇ ਐਕਸੀਅਨ ਨੂੰ ਜਾਣੂ ਕਰਵਾਇਆ ਕਿ ਹੁਣ ਜਦ ਵਿਕਾਸ ਦੇ ਕੰਮ ਹੋ ਰਹੇ ਹਨ ਅਤੇ ਸੜਕਾਂ ਨੂੰ ਚੌੜਾ ਕੀਤਾ ਜਾ ਰਿਹਾ ਹੈ ਤਾਂ ਇਨ੍ਹਾਂ ਦਾ ਲੈਵਲ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਜੋ ਪਾਣੀ ਦੀ ਨਿਕਾਸੀ ਹੋ ਸਕੇ। 


Related News