ਸੜਕਾਂ ਦੇ ਬਰਮ ਨਾ ਹੋਣ ਕਾਰਨ ਵਾਪਰ ਸਕਦੈ ਵੱਡਾ ਹਾਦਸਾ

07/23/2017 1:42:29 PM


ਜਲਾਲਾਬਾਦ(ਬੰਟੀ)—ਹਲਕਾ ਵਿਧਾਇਕ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਰਾਜ ਦੌਰਾਨ ਪਿੰਡ 'ਚ ਅਤੇ ਢਾਣੀਆਂ ਤੱਕ ਸੜਕਾਂ ਬਣਾ ਦਿੱਤੀ ਗਈਆਂ ਹਨ, ਤਾਂ ਜੋ ਜਨਤਾ ਨੂੰ ਆਉਣ-ਜਾਣ ਲਈ ਕਿਸੇ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਪਰ ਪਿੰਡ ਸੁਰਘੁਰੀ, ਰੁੰਮ ਵਾਲਾ ਨੂੰ ਜਾਂਦੀ ਸੜਕ ਦੇ ਕਿਨਾਰੇ ਬਰਮ ਨਾ ਹੋਣ ਕਾਰਨ ਸੜਕਾਂ ਟੁੱਟ ਰਹੀਆਂ ਹਨ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਕੀ ਕਹਿਣਾ ਹੈ ਸਮਾਜ-ਸੇਵੀਆਂ ਦਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ-ਸੇਵੀ ਸੁਰਿੰਦਰ ਮਹੰਤ (ਛਿੰਦਾ) ਤੇ ਸਮਾਜ-ਸੇਵੀ ਵਿਜੇ ਦਹੂਜਾ (ਲੱਡੂ) ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਜਲਾਲਾਬਾਦ ਤੋਂ ਪਿੰਡ ਰੁੰਮ ਵਾਲਾ, ਸੁਰਘੁਰੀ ਤੇ ਹੋਰ ਅਨੇਕਾਂ ਪਿੰਡਾਂ ਨੂੰ ਜਾਣ ਵਾਲੀ ਇਸ ਸੜਕ ਦੇ ਬਰਮ ਨਹੀਂ ਬਣਾਏ ਗਏ, ਜਿਸ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ। ਰਾਤ ਸਮੇਂ ਤਾਂ ਹਾਦਸੇ ਦਾ ਖਦਸ਼ਾ ਹੋਰ ਵੀ ਵੱਧ ਜਾਂਦਾ ਹੈ। ਇਸ ਦੌਰਾਨ ਮਹੰਤ ਤੇ ਦਹੂਜਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਬਰਮ ਨਾ ਹੋਣ ਕਾਰਨ ਇਕ ਮੋਟਰਸਾਈਕਲ ਚਾਲਕ ਮਲਕੀਤ ਸਿੰਘ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਨੂੰ ਕਾਫੀ ਸੱਟਾਂ ਲੱਗੀਆਂ ਸਨ ਤੇ ਉਹ ਮੋਟਰਸਾਈਕਲ ਸਮੇਤ ਖੇਤਾਂ 'ਚ ਡਿੱਗ ਪਿਆ ਸੀ। ਉਨ੍ਹਾਂ ਨੇ ਸਬੰਧਿਤ ਵਿਭਾਗ ਅੱਗੇ ਮੰਗ ਕੀਤੀ ਹੈ ਕਿ ਇਸ ਸੜਕ ਦੇ ਬਰਮ ਬਣਾਏ ਜਾਣ, ਤਾਂ ਜੋ ਭਵਿੱਖ 'ਚ ਅਜਿਹੇ ਹਾਦਸੇ ਨਾ ਵਾਪਰਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰਾਂ ਕਰੋੜਾਂ ਰੁਪਏ ਲਗਾ ਕੇ ਸੜਕਾਂ ਦੀ ਡਿਵੈੱਲਪਮੈਂਟ ਕਰਾਉਂਦੀਆਂ ਹਨ ਅਤੇ ਸਰਕਾਰਾਂ ਸਬੰਧਿਤ ਵਿਭਾਗ ਨੂੰ ਸਖਤ ਹਿਦਾਇਤਾਂ ਦੇਣ ਕਿ ਇਨ੍ਹਾਂ ਸੜਕਾਂ ਦੀ ਸਮੇਂ-ਸਮੇਂ 'ਤੇ ਦੇਖ-ਰੇਖ ਵੀ ਕਰਨ, ਤਾਂ ਜੋ ਸੜਕਾਂ ਦੀ ਮਿਆਦ ਵਧੇ ਤੇ ਜਨਤਾ ਨੂੰ ਵੀ ਮੁਸ਼ਕਲਾਂ ਪੇਸ਼ ਨਾ ਆਉਣ। 
ਹੁਣ ਵੇਖਣਾ ਇਹ ਹੈ ਕਿ ਸਬੰਧਿਤ ਵਿਭਾਗ ਕਦੋਂ ਤੱਕ ਇਸ ਸਮੱਸਿਆ ਦਾ ਹੱਲ ਕਰਦਾ ਹੈ ਜਾਂ ਫਿਰ ਕਿਸੇ ਵੱਡੇ ਹਾਦਸੇ ਹੋਣ ਦੀ ਉਡੀਕ ਕਰਦਾ ਹੈ।  


Related News