ਠੇਕੇਦਾਰਾਂ ਨੂੰ ਪੇਮੈਂਟ ਨਾ ਮਿਲਣ ਕਾਰਨ ਕੇਂਦਰੀ ਮੰਤਰੀ ਦੇ ਹਲਕੇ ਅੰਦਰਲੇ ਕੇਂਦਰੀ ਸੜਕ ਪ੍ਰੌਜੈਕਟ ਠੱਪ

06/27/2017 3:29:49 PM


ਬੁਢਲਾਡਾ(ਮਨਜੀਤ)—ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਦੇ ਹਲਕਾ ਬਠਿੰਡਾ 'ਚ ਪੈਂਦੇ ਜ਼ਿਲ੍ਹਾ ਮਾਨਸਾ ਅੰਦਰ ਕੇਂਦਰ ਸਰਕਾਰ ਦੇ ਜਾਰੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਪ੍ਰੋਜੈਕਟਾ ਲਈ ਠੇਕੇਦਾਰਾਂ ਨੂੰ ਅਦਾਇਗੀਆਂ ਨਾ ਹੋਣ ਕਾਰਨ ਜ਼ਿਲ੍ਹੇ ਦੇ ਸਾਰੇ ਕੰਮਾਂ ਨੂੰ ਅਚਨਚੇਤ ਬਰੇਕਾਂ ਲਗ ਜਾਣ 'ਤੇ ਲੋਕਾਂ ਚ ਨਿਰਾਸ਼ਾ ਪਾਈ ਜਾ ਰਹੀ ਹੈ।ਲੋਕਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਸ਼ੁਰੂ ਹੋਏ ਪ੍ਰੋਜੈਕਟਾਂ ਤੋਂ ਚਿਰਾਂ ਦੀ ਉਡੀਕ ਪਿਛੋਂ ਲੋਕਾਂ ਨੂੰ ਵਧੀਆ ਸੜਕ ਸਹੂਲਤਾਂ ਮਿਲਣ ਦੀ ਆਸ ਬੱਝੀ ਸੀ ਪਰੰਤੂ ਠੇਕੇਦਾਰਾਂ ਵੱਲੋਂ ਕੰੰਮ ਵਿਚਕਾਰ ਛੱਡ ਜਾਣ ਕਾਰਨ ਇਹ ਬਹੁ ਕਰੋੜੀ ਪ੍ਰੋਜੈਕਟ ਬੰਦ ਹੋ ਗਏ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਜ਼ਿਲ੍ਹਾ ਭਰ ਦੀਆਂ ਇੰਨ੍ਹਾਂ ਸੜਕਾਂ ਲਈ 60 ਫੀਸਦੀ ਗ੍ਰਾਂਟ ਕੇਂਦਰ ਸਰਕਾਰ ਅਤੇ 40 ਫੀਸਦੀ ਹਿੱਸਾ ਰਾਜ ਸਰਕਾਰ ਨੇ ਪਾਉਣਾ ਹੁੰਦਾ ਹੈ। ਚੱਲ ਰਹੇ ਇੰਨ੍ਹਾਂ ਪ੍ਰੋਜੈਕਟਾਂ ਲਈ ਰਾਜ ਸਰਕਾਰ ਵੱਲੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਹਿੱਸੇ ਦੀ ਇੱਕ ਕਿਸ਼ਤ ਕੇਂਦਰ ਪਾਸ ਜਮ੍ਹਾ ਕਰਵਾਈ ਸੀ ਜਿਸ ਦੇ ਨਤੀਜੇ ਵਜੋਂ ਕੇਂਦਰ ਨੇ ਆਪਣੇ 60 ਫੀਸਦੀ ਬਣਦੇ ਹਿੱਸੇ ਦੀਆਂ 2 ਕਿਸ਼ਤਾਂ ਸੰਬੰਧਤ ਵਿਭਾਗ ਨੂੰ ਦੇ ਦਿੱਤੀਆਂ ਸਨ ਪਰੰਤੂ ਚੋਣਾਂ ਤੋ ਬਾਅਦ ਨਵੀ ਸਰਕਾਰ ਵੱਲੋਂ ਅਜੇ ਤੱਕ ਦੂਜੀ ਕਿਸ਼ਤ ਨਾ ਜਮ੍ਹਾ ਕਰਾਉਣ ਕਰਕੇ ਇੰਨ੍ਹਾਂ ਦੇ ਕੰਮ ਸ਼ੁਰੂ ਕਰਨ ਲਈ ਹਰੀ ਝੰਡੀ ਨਾ ਮਿਲਣ ਕਰਕੇ ਠੇਕੇਦਾਰ ਵੱਲੋਂ ਕੰੰਮ ਬੰਦ ਕਰ ਦਿੱਤੇ ਹਨ।ਪਤਾ ਲੱਗਿਆ ਹੈ ਕਿ ਆਪਣੇ ਪੱਲਿਓ ਰੁਪਏ ਖਰਚ ਕਰੀ ਬੈਠੇ ਕੁਝ ਠੇਕੇਦਾਰਾਂ ਨੇ ਵਿਭਾਗ ਨੂੰ ਕਾਨੂੰਨੀ ਨੋਟਿਸ ਦੇਣੇ ਵੀ ਸ਼ੁਰੂ ਕਰ ਦਿੱਤੇ ਹਨ।ਦੂਜੇ ਪਾਸੇ ਇੰਨ੍ਹਾਂ ਸੜਕਾਂ ਦੇ ਮੁੱਢਲੇ ਕਾਰਜਾਂ 'ਚ ਪੱਥਰ ਪਾ ਕੇ ਰੂਲਰ ਤੱਕ ਫੇਰ ਦਿੱਤੇ ਗਏ ਸਨ ਪਰ ਗ੍ਰਾਂਟ ਦੇ ਅੜਿੱਕੇ ਕਾਰਨ ਕੰਮ ਅੱਗੇ ਨਹੀ ਚੱਲ ਸਕਿਆ ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹੁਣ ਸੜਕਾਂ ਦੇ ਪਾਏ ਪੱਥਰ ਉਖੜਨੇ ਸ਼ੁਰੂ ਹੋ ਗਏ ਹਨ।ਲੋਕਾਂ ਦੱਸਿਆ ਕਿ ਇੰਨ੍ਹਾਂ ਸੜਕਾਂ ਤੋਂ ਜਦ ਵੀ ਕੋਈ ਵੱਡੀ ਗੱਡੀ ਲੰਘਦੀ ਹੈ ਤਾਂ ਕੋਲੋ ਲੰਘਦੇ ਲੋਕਾਂ ਚ ਛੋਟੇ ਵਹੀਕਲਾਂ ਵਾਲਿਆ ਦੇ ਇਹ ਪੱਥਰ ਗੋਲੀ ਵਾਂਘ ਵੱਜਦੇ ਹਨ ਜਿਸ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ।ਪਿੰਡ ਅੱਕਾਂਲਵਾਲੀ ਦੇ ਪੰਚ ਜਗਸੀਰ ਸਿੰਘ ਨੇ ਕਿਹਾ ਕਿ ਇਹ ਅਦਵਾਟੇ ਪਏ ਕੰਮ ਨੂੰ ਸਿਰੇ ਲਗਾਉਣ ਲਈ ਪੰਜਾਬ ਸਰਕਾਰ ਆਪਣੇ ਦਖਲ ਨਾਲ ਕੰਮ ਨੂੰ ਜਲਦ ਤੋ ਜਲਦ ਸ਼ੁਰੂ ਕਰਵਾਉਣ। ਇਸ ਨਾਲ ਵਹੀਕਲਾਂ ਦੇ ਨੁਕਸਾਨ ਤੋ ਲੋਕਾਂ ਨੂੰ ਰਾਹਤ ਮਿਲੇ ਅਤੇ ਲੋਕ ਨਵੀਆਂ ਸੜਕਾਂ ਦਾ ਲਾਭ ਉਠਾ ਸਕਣ।ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮਾਨਸਾ 'ਚ ਇਸ ਸਕੀਮ ਤਹਿਤ ਬਨਣ ਵਾਲੀਆਂ ਸੜਕਾਂ ਦੀ ਲੰਬਾਈ 180 ਕਿਲੋਮੀਟਰ ਦੇ ਕਰੀਬ ਹੈ ਅਤੇ 14 ਪ੍ਰੋਜੈਕਟਾਂ 'ਚੋਂ ਮੁੱਖ ਤੋਰ ਤੇ ਬੋਹਾ ਤੋਂ ਬਰੇਟਾ, ਬੋਹਾ ਤੋਂ ਸੇਦੈਵਾਲਾ, ਬੋਹਾ ਤੋਂ ਮੱਲ ਸਿੰਘ ਵਾਲਾ, ਬਰ੍ਹੇ ਮਾਨਸਾ, ਦਲੇਲਵਾਲਾ ਤੋ ਅੱਕਾਂਵਾਲੀ, ਮੂਲਾ ਸਿੰਘ ਵਾਲਾ ਤੋ ਭੀਖੀ, ਖਿਆਲਾ ਤੋ ਮੱਤੀ ਆਦਿ 'ਤੇ ਇਹ ਕੰਮ ਠੱਪ ਹੋਏ ਹਨ। 


Related News