ਸਿਵਲ ਹਸਪਤਾਲ ''ਚ ਡਾਕਟਰ ਨਾ ਹੋਣ ਕਾਰਨ ਮੰਡੀ ਵਾਸੀਆਂ ਦਿੱਤਾ ਧਰਨਾ

08/18/2017 6:31:59 AM

ਮੌੜ ਮੰਡੀ,  (ਪ੍ਰਵੀਨ)- ਬੀਤੇ ਲੰਮੇ ਸਮੇਂ ਤੋਂ ਸਥਾਨਕ ਸ਼ਹਿਰ ਦੇ ਸਿਵਲ ਹਸਪਤਾਲ 'ਚ ਡਾਕਟਰ ਨਾ ਹੋਣ ਤੋਂ ਪ੍ਰੇਸ਼ਾਨ ਮੰਡੀ ਵਾਸੀਆਂ ਨੇ ਇਕੱਠੇ ਹੋ ਕੇ ਸਿਵਲ ਹਸਪਤਾਲ ਦੇ ਗੇਟ 'ਤੇ ਧਰਨਾ ਦਿੰਦੇ ਹੋਏ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ। 
ਧਰਨੇ ਨੂੰ ਸੰਬੋਧਨ ਕਰਦਿਆਂ ਰਾਜੇਸ਼ ਜੈਨ ਸਾਬਕਾ ਪ੍ਰਧਾਨ, ਗੁਰਮੇਲ ਸਿੰਘ ਮੇਲਾ ਪ੍ਰਧਾਨ ਟਰੇਡ ਯੂਨੀਅਨ ਕੌਂਸਲ, ਨਵੀਨ ਸਟਾਰ ਆਦਿ ਨੇ ਕਿਹਾ ਕਿ ਮੌੜ ਮੰਡੀ ਸਬ-ਤਹਿਸੀਲ ਹੋਣ ਦੇ ਬਾਵਜੂਦ ਮੌੜ ਮੰਡੀ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਸਰਕਾਰੀ ਸਿਹਤ ਸਹੂਲਤਾਂ ਨੂੰ ਤਰਸ ਰਹੇ ਹਨ। ਹੋਰ ਤਾਂ ਹੋਰ ਮੌੜ ਬੰਬ ਕਾਂਡ ਸਮੇਂ ਸਿਵਲ ਹਸਪਤਾਲ 'ਚ ਡਾਕਟਰ ਨਾ ਹੋਣ ਕਾਰਨ 5 ਬੱਚਿਆਂ ਸਮੇਤ 7 ਵਿਅਕਤੀ ਮੌਤ ਦੇ ਮੂੰਹ 'ਚ ਚਲੇ ਗਏ ਅਤੇ ਅਨੇਕਾਂ ਜ਼ਖਮੀਆਂ ਨੂੰ ਹੋਰ ਸ਼ਹਿਰਾਂ ਦੇ ਹਸਪਤਾਲਾਂ ਤੋਂ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪਿਆ ਸੀ।
ਬੰਬ ਧਮਾਕੇ ਦੇ ਸਮੇਂ ਧਰਨੇ ਮੁਜ਼ਾਹਰਿਆਂ ਨੂੰ ਠੱਲ੍ਹ ਪਾਉਣ ਲਈ ਇਕ ਵਾਰ ਤਾਂ ਪ੍ਰਸ਼ਾਸਨ ਨੇ ਮੌੜ ਹਸਪਤਾਲ ਅੰਦਰ ਡੈਪੂਟੇਸ਼ਨ 'ਤੇ ਡਾਕਟਰ ਤਾਇਨਾਤ ਕਰ ਦਿੱਤੇ ਸਨ ਪਰ ਬਾਅਦ 'ਚ ਇਸ ਹਸਪਤਾਲ ਦਾ ਫਿਰ ਤੋਂ ਉਹੀ ਹਾਲ ਹੋ ਗਿਆ ਹੈ। ਡਾਕਟਰ ਨਾ ਹੋਣ ਕਾਰਨ ਮੌੜ ਇਲਾਕੇ ਦੇ ਲੋਕਾਂ ਨੂੰ ਆਪਣੇ ਇਲਾਜ ਪ੍ਰਾਈਵੇਟ ਹਸਪਤਾਲਾਂ 'ਚੋਂ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਥੇ ਉਨ੍ਹਾਂ ਦੀ ਭਾਰੀ ਆਰਥਿਕ ਲੁੱਟ ਹੋ ਰਹੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੇਕਰ ਇਸ ਹਸਪਤਾਲ 'ਚ ਡਾਕਟਰ ਨਹੀਂ ਭੇਜਣੇ ਤਾਂ ਇਸ ਹਸਪਤਾਲ ਨੂੰ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਜਾਵੇ ਤਾਂ ਜੋ ਲੋਕ ਇਥੇ ਇਲਾਜ ਕਰਵਾਉਣ ਦੀ ਉਮੀਦ ਨਾਲ ਨਾ ਆਉਣ। 
ਇਸ ਮੌਕੇ ਧਰਨਾਕਾਰੀਆਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਐੱਸ. ਐੱਮ. ਓ. ਮੌੜ ਰਾਹੀਂ ਮੰਗ-ਪੱਤਰ ਭੇਜਿਆ ਤੇ ਲੋਕਾਂ ਦੀਆਂ ਸਿਹਤ ਸਹੂਲਤਾਂ ਦਾ ਧਿਆਨ ਰੱਖਦੇ ਹੋਏ ਸਿਵਲ ਹਸਪਤਾਲ ਮੌੜ ਵਿਖੇ ਜਲਦ ਤੋਂ ਜਲਦ ਡਾਕਟਰ ਤਾਇਨਾਤ ਕੀਤੇ ਜਾਣ ਦੀ ਮੰਗ ਕੀਤੀ ਤਾਂ ਜੋ ਲੋਕ ਸਰਕਾਰੀ ਸਿਹਤ ਸਹੂਲਤਾਂ ਦਾ ਫਾਇਦਾ ਲੈ ਸਕਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਡੀ ਵਾਸੀਆਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਆਉਣ ਵਾਲੇ ਦਿਨਾਂ 'ਚ ਵੱਡੇ ਪੱਧਰ 'ਤੇ ਰੋਸ ਮੁਜ਼ਾਹਰਾ ਕਰਦੇ ਹੋਏ ਸਿਵਲ ਹਸਪਤਾਲ ਮੌੜ ਨੂੰ ਜਿੰਦਰਾ ਲਾਉਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। 
ਇਸ ਸਬੰਧੀ ਐੱਸ. ਐੱਮ. ਓ. ਡਾ. ਆਰ. ਆਰ. ਪੀ. ਸਿੰਘ ਨੇ ਦੱਸਿਆ ਕਿ ਲੋਕਾਂ ਦੀ ਤਕਲੀਫ ਨੂੰ ਧਿਆਨ 'ਚ ਰੱਖਦੇ ਹੋਏ ਬਾਲਿਆਂਵਾਲੀ ਤੋਂ ਡਾ. ਲਵਕੇਸ਼ ਗੁਪਤਾ ਨੂੰ ਪਹਿਲੇ ਤਿੰਨ ਦਿਨਾਂ ਲਈ ਡੈਪੂਟੇਸ਼ਨ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੌੜ ਅਰਬਨ ਏਰੀਆ ਹੋਣ ਕਾਰਨ ਐੱਮ. ਡੀ. ਕਰਨ ਵਾਲੇ ਡਾਕਟਰ ਇਥੇ ਆ ਕੇ ਖੁਸ਼ ਨਹੀਂ ਹਨ, ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ ਪਰ ਉਹ ਪੁਰਜ਼ੋਰ ਕੋਸ਼ਿਸ਼ ਕਰਨਗੇ ਕਿ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਇਥੇ ਡਾਕਟਰਾਂ ਦੀ ਕਮੀ ਪੂਰੀ ਕੀਤੀ ਜਾਵੇ। 
ਇਸ ਮੌਕੇ ਧਰਨੇ 'ਚ ਅਸ਼ੋਕ ਕੁਮਾਰ ਵਕੀਲ, ਤਰਸੇਮ ਸੇਮੀ ਕੌਂਸਲਰ, ਗੁਰਜੀਤਪਾਲ ਸਿੰਘ ਗਿੰਨੀ ਕੌਂਸਲਰ, ਗੁਰਤੇਜ ਸਿੰਘ, ਲਾਭ ਸਿੰਘ ਮੌੜ, ਚੰਦਰ ਮੋਹਨ ਗਰਗ, ਅਮਨਦੀਪ ਸਿੰਘ, ਕੰਤੇਸ਼ ਸਿੰਗਲਾ, ਜਗਦੀਸ਼ ਜ਼ੈਲਦਾਰ, ਕਰਤਾਰਾ ਮੌੜ ਖੁਰਦ, ਰਾਜੂ ਗੁਪਤਾ, ਭੰਮੇ ਸ਼ਾਹ, ਜੀਵਨ ਜੋਧਪੁਰੀਆ, ਪ੍ਰਸ਼ੋਤਮ ਜਿੰਦਲ, ਕਾਕਾ ਖੱਤਰੀ, ਸੁਨੀਲ ਸੋਨੀ, ਗੌਰਵ ਕੁਮਾਰ ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ ਮੰਡੀ ਵਾਸੀ ਮੌਜੂਦ ਸਨ।


Related News