ਮੀਂਹ ਕਾਰਨ ਤਾਪਮਾਨ ''ਚ ਆਈ ਗਿਰਾਵਟ

12/13/2017 7:05:36 AM

ਰੂਪਨਗਰ, (ਵਿਜੇ)- ਅੱਜ ਰੂਪਨਗਰ ਜ਼ਿਲੇ 'ਚ ਸਰਦੀ ਦੀ ਰੁੱਤ ਦੇ ਪਹਿਲੇ ਮੀਂਹ ਦਾ ਆਮ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ। ਜਿਸ ਕਾਰਨ ਤਾਪਮਾਨ ਕਾਫੀ ਡਿੱਗ ਗਿਆ। ਲੋਕਾਂ ਨੇ ਹੱਥਾਂ 'ਚ ਛਤਰੀਆਂ ਫੜੀਆਂ ਹੋਈਆਂ ਸਨ ਤੇ ਬਾਜ਼ਾਰਾਂ 'ਚ ਰੌਣਕ ਬਹੁਤ ਘੱਟ ਦੇਖਣ ਨੂੰ ਮਿਲੀ। ਅੱਜ ਸਵੇਰ ਤੋਂ ਹੀ ਬੂੰਦਾ-ਬਾਂਦੀ ਹੋ ਰਹੀ ਸੀ ਪਰ ਬਾਅਦ ਦੁਪਹਿਰ ਤੇਜ਼ ਮੀਂਹ ਪਿਆ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮੀਂਹ ਕਾਰਨ ਕਈ ਬੀਮਾਰੀਆਂ ਤੋਂ ਰਾਹਤ ਮਿਲੇਗੀ। ਜਿਵੇਂ ਖਾਂਸੀ, ਜ਼ੁਕਾਮ ਤੇ ਨਜ਼ਲਾ ਆਦਿ। ਇਸ ਤੋਂ ਪਹਿਲਾਂ ਡਾਕਟਰਾਂ ਦੇ ਹਸਪਤਾਲਾਂ 'ਚ ਮਰੀਜ਼ਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਕਿਉਂਕਿ ਸੁੱਕੀ ਠੰਡ ਕਾਰਨ ਲੋਕਾਂ ਦਾ ਗਲਾ ਖਰਾਬ ਹੋ ਰਿਹਾ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਲੋਕਾਂ ਦੀ ਸਿਹਤ 'ਚ ਕਾਫੀ ਸੁਧਾਰ ਹੋਵੇਗਾ। ਇਸ ਮੀਂਹ ਕਾਰਨ ਧੂੜ ਮਿੱਟੀ 'ਚ ਵੀ ਕਾਫੀ ਕਮੀ ਆਵੇਗੀ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਾਮ ਦਾ ਤਾਪਮਾਨ ਕਾਫੀ ਘੱਟ ਗਿਆ ਹੈ ਤੇ ਜਿਸ ਦੇ ਹੋਰ ਘਟਣ ਦਾ ਅਨੁਮਾਨ ਹੈ।
ਕਿਤੇ ਰਾਹਤ, ਕਿਤੇ ਆਫਤ 
ਔੜ, (ਛਿੰਜੀ)- ਹਰ ਮੌਸਮ ਦਾ ਆਪਣਾ-ਆਪਣਾ ਮਹੱਤਵ ਹੈ ਪਰ ਹਰ ਮੌਸਮ ਕਿਸੇ ਲਈ ਚੰਗਾ ਤੇ ਕਿਸੇ ਲਈ ਮਾੜਾ ਸਾਬਤ ਹੁੰਦਾ ਹੈ ਪਰ ਲਗਾਤਾਰ ਮੀਂਹ ਜਿਥੇ ਅਮੀਰ ਲੋਕਾਂ ਲਈ ਖੁਸ਼ੀ ਲਿਆਉਂਦਾ ਹੈ ਉਥੇ ਗਰੀਬਾਂ ਲਈ ਆਫ਼ਤ ਬਣ ਜਾਂਦਾ ਹੈ। ਜਿਸ ਕਾਰਨ ਪ੍ਰਵਾਸੀ ਮਜ਼ਦੂਰ ਮੰਦਹਾਲੀ ਦਾ ਸ਼ਿਕਾਰ ਹੋਏ ਦੇਖੇ ਜਾ ਸਕਦੇ ਹਨ। ਲਗਾਤਾਰ ਪੈ ਰਹੇ ਮੀਂਹ ਕਾਰਨ ਹਰ ਰੋਜ਼ ਉਹ ਹੀ ਕਮਾਉਣਾ ਤੇ ਉਹ ਹੀ ਖਾਣ ਵਾਲਿਆਂ ਦਾ ਕੰਮ ਬੰਦ ਹੋ ਜਾਂਦਾ ਹੈ, ਦੂਜੇ ਪਾਸੇ ਮਾੜੇ ਘਰਾਂ ਦੀਆਂ ਛੱਤਾਂ ਵੀ ਚੋਣ ਲੱਗ ਪੈਂਦੀਆਂ ਹਨ। ਇਥੇ ਹੀ ਬਸ ਨਹੀਂ, ਖੇਤਾਂ 'ਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਵੀ ਵਿਹਲੇ ਬੈਠ ਕੇ ਖਾਣ ਲਈ ਮਜਬੂਰ ਹੋ ਜਾਂਦੇ ਹਨ। 
ਝੁੱਗੀਆਂ ਵਾਲੇ ਇਕ ਪ੍ਰਵਾਸੀ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਝੁੱਗੀ ਅੰਦਰ ਮੀਂਹ ਦਾ ਪਾਣੀ ਚਲਾ ਗਿਆ ਹੈ ਤੇ ਉਨ੍ਹਾਂ ਨੇ ਆਪਣੇ ਬੱਚੇ ਨੂੰ ਗੋਦੀ ਚੁੱਕ ਕੇ ਰਾਤ ਕੱਟੀ ਕਿਉਂਕਿ ਉਨ੍ਹਾਂ ਕੋਲ ਸੌਣ ਲਈ ਮੰਜੇ ਜਾਂ ਬੈੱਡ ਆਦਿ ਨਹੀਂ ਬਲਕਿ ਧਰਤੀ 'ਤੇ ਹੀ ਪਰਾਲੀ ਆਦਿ ਵਿਛਾ ਕੇ ਉਸ ਉੱਪਰ ਬੋਰੀ ਵਿਛਾ ਕੇ ਸੌਂਦੇ ਹਨ ਤੇ ਉਨ੍ਹਾਂ ਦਾ ਖਾਣਾ ਬਣਾਉਣ ਲਈ ਝੁੱਗੀ ਤੋਂ ਬਾਹਰ ਬਣਾਇਆ ਚੁੱਲ੍ਹਾ ਵੀ ਮੀਂਹ ਦੇ ਪਾਣੀ 'ਚ ਵਹਿ ਗਿਆ, ਜਿਸ ਕਾਰਨ ਬਹੁਤ ਮੁਸ਼ਕਿਲ ਨਾਲ ਉਨ੍ਹਾਂ ਨੇ ਆਪਣੇ ਬੱਚਿਆਂ ਦਾ ਪੇਟ ਭਰਨ ਦਾ ਜੁਗਾੜ ਕੀਤਾ ਤੇ ਉਨ੍ਹਾਂ ਦੀਆਂ ਰਜਾਈਆਂ  ਤੇ ਹੋਰ ਕੱਪੜੇ ਆਦਿ ਵੀ ਭਿੱਜ ਗਏ। ਇਸ ਲਈ ਇਹ ਲਗਾਤਾਰ ਮੀਂਹ ਜਿਥੇ ਅਮੀਰ ਲੋਕਾਂ ਲਈ ਸੁਹਾਵਣਾ, ਨਵੇਂ-ਨਵੇਂ ਪਕਵਾਨ ਬਣਾ ਕੇ ਖਾਣ ਦਾ ਮੌਸਮ ਹੁੰਦਾ ਹੈ ਉਥੇ ਗਰੀਬਾਂ ਲਈ ਇਹ ਆਫ਼ਤ ਬਣ ਜਾਂਦਾ ਹੈ। 


Related News