ਐੱਸ. ਟੀ. ਐੱਫ. ਨੇ ਫਿਰ ਫੜੀ 5 ਕਰੋੜ ਦੀ ਹੈਰੋਇਨ

06/27/2017 3:18:53 AM

ਲੁਧਿਆਣਾ(ਅਨਿਲ)-ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਅੱਜ ਇਕ ਵਾਰ ਫਿਰ ਪਾਕਿਸਤਾਨ ਬਾਰਡਰ 'ਤੇ ਜ਼ਮੀਨ 'ਚ ਦਬਾ ਕੇ ਰੱਖੀ ਗਈ 5 ਕਰੋੜ ਦੀ ਹੈਰੋਇਨ ਦੀ ਖੇਪ ਫੜਨ 'ਚ ਕਾਮਯਾਬੀ ਹਾਸਿਲ ਕੀਤੀ ਹੈ। ਇਸ ਤਰ੍ਹਾਂ ਪਿਛਲੇ ਮਹੀਨੇ ਦੇ ਦੌਰਾਨ ਹੁਣ ਤੱਕ ਐੱਸ. ਟੀ. ਐੱਫ. ਨੇ 40 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਲੁਧਿਆਣਾ ਰੇਂਜ ਦੇ ਇੰਚਾਰਜ ਐੱਸ. ਆਈ. ਹਰਬੰਸ ਸਿੰਘ ਨੇ ਦੱਸਿਆ ਕਿ ਐੱਸ. ਆਈ. ਜਸਪਾਲ ਸਿੰਘ ਦੀ ਪੁਲਸ ਟੀਮ ਨੇ ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਪਿੰਡ ਜਗੀਰਪੁਰ ਕਾਲੋਨੀ 'ਚ ਗਸ਼ਤ 'ਤੇ ਸੀ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਅਮਰੀਕ ਸਿੰਘ ਪੁੱਤਰ ਫੌਜਾ ਸਿੰਘ ਨਿਵਾਸੀ ਤੇਲੂਮਲ ਥਾਣਾ ਮਮਰੋਟ ਫਿਰੋਜ਼ਪੁਰ ਨੇ ਪੰਜਾਬ 'ਚ ਸਪਲਾਈ ਕਰਨ ਲਈ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾ ਕੇ ਇਸ ਨੂੰ ਫਿਰੋਜ਼ਪੁਰ ਬਾਰਡਰ ਦੇ ਨੇੜੇ ਪਾਕਿਸਤਾਨ ਦੀ ਸਾਈਡ ਜ਼ਮੀਨ 'ਚ ਦਬਾ ਕੇ ਰੱਖਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਫਿਰੋਜ਼ਪੁਰ 'ਚ ਡੀ. ਟੀ. ਮਲ ਪੁਲਸ ਪੋਸਟ ਦੇ ਕੋਲ ਜਾ ਦੇ ਰੇਡ ਮਾਰੀ ਗਈ, ਜਿੱਥੋਂ ਜ਼ਮੀਨ 'ਚ ਦੱਬੀ ਗਈ 1 ਕਿਲੋ ਹੈਰੋਇਨ ਮਿਲੀ। ਜਿਸਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 5 ਕਰੋੜ ਮਿਥੀ ਜਾ ਰਹੀ ਹੈ। ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਲੈ ਕੇ ਆਉਣ ਵਾਲਾ ਦੋਸ਼ੀ ਮਲਕੀਤ ਸਿੰਘ ਪੁਲਸ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਐੱਸ. ਟੀ. ਐੱਫ. ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਦੋਸ਼ੀ ਅਮਰੀਕ ਸਿੰਘ ਖਿਲਾਫ ਥਾਣਾ ਮੇਹਰਬਾਨ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


Related News