ਨਸ਼ੇ ''ਚ ਧੁੱਤ ਨੌਜਵਾਨ ਨੇ ਸਾਥੀਆਂ ਨਾਲ ਮਿਲ ਕੇ ਮਚਾਇਆ ਹੁੜਦੰਗ, 6 ਜ਼ਖਮੀ

01/17/2018 6:48:20 AM

ਅੰਮ੍ਰਿਤਸਰ,  (ਸੰਜੀਵ)-  ਬੇਟੇ ਦੇ ਜਨਮ ਦਿਨ ਦੀ ਖੁਸ਼ੀ 'ਚ ਪਾਰਟੀ ਕਰ ਰਹੇ ਵਿਜੇ ਕੁਮਾਰ ਨਿਵਾਸੀ ਫੈਜ਼ਪੁਰਾ ਦੇ ਘਰ ਨਸ਼ੇ ਵਿਚ ਧੁੱਤ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਆ ਕੇ ਪਹਿਲਾਂ ਤਾਂ ਜੰਮ ਕੇ ਹੁੜਦੰਗ ਮਚਾਇਆ ਅਤੇ ਫਿਰ ਇੱਟ-ਪੱਥਰ ਮਾਰੇ। ਇਸ ਦੌਰਾਨ ਬੱਚਿਆਂ ਸਮੇਤ 6 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਘਟਨਾ ਉਪਰੰਤ ਚੌਕੀ ਫੈਜ਼ਪੁਰਾ ਦੀ ਪੁਲਸ ਨੇ ਕੋਈ ਠੋਸ ਕਾਨੂੰਨੀ ਕਾਰਵਾਈ ਨਹੀਂ ਕੀਤੀ, ਜਦੋਂ ਕਿ ਏ. ਐੱਸ. ਆਈ. ਅਮਰ ਸਿੰਘ ਦਾ ਕਹਿਣਾ ਹੈ ਕਿ ਹਮਲੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਦੀਆਂ ਸ਼ਿਕਾਇਤਾਂ ਲੈ ਲਈਆਂ ਗਈਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਵਿਜੇ ਕੁਮਾਰ ਆਪਣੇ ਘਰ ਬੇਟੇ ਦੇ ਜਨਮ ਦੀ ਖੁਸ਼ੀ ਮਨਾ ਰਿਹਾ ਸੀ, ਜਿਥੇ ਉਸ ਦੇ ਰਿਸ਼ਤੇਦਾਰ ਵੀ ਆਏ ਹੋਏ ਸਨ। ਸਮਾਰੋਹ ਦੌਰਾਨ ਡੀ. ਜੇ. ਚੱਲ ਰਿਹਾ ਸੀ ਕਿ ਇਸੇ ਦੌਰਾਨ ਫੈਜ਼ਪੁਰਾ ਖੇਤਰ ਦਾ ਰਹਿਣ ਵਾਲਾ ਸਾਵਰ ਨਸ਼ੇ ਵਿਚ ਧੁੱਤ ਸਮਾਰੋਹ 'ਚ ਆ ਗਿਆ ਅਤੇ ਨੱਚਣ ਲੱਗਾ। ਇਸ ਦੌਰਾਨ ਉਸ ਨੇ ਲੜਕੀਆਂ ਦਾ ਹੱਥ ਫੜ ਕੇ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ, ਜਿਸ ਨੂੰ ਵੇਖ ਕੇ ਸਮਾਰੋਹ 'ਚ ਮੌਜੂਦ ਲੋਕਾਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਨੌਜਵਾਨ ਨੂੰ ਉਥੋਂ ਭੇਜ ਦਿੱਤਾ ਗਿਆ। ਕੁਝ ਸਮੇਂ ਬਾਅਦ ਸਾਵਰ ਆਪਣੇ 25 ਦੇ ਕਰੀਬ ਸਾਥੀਆਂ ਨਾਲ ਆਇਆ ਅਤੇ ਇੱਟ-ਪੱਥਰ ਚਲਾਉਣ ਲੱਗਾ। ਇਸ ਦੌਰਾਨ ਦੋਸ਼ੀਆਂ ਨੇ ਉਥੇ ਖੜ੍ਹੀ ਇਕ ਇਨੋਵਾ ਗੱਡੀ ਵੀ ਤੋੜ ਦਿੱਤੀ।
ਵਿਜੇ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਬੇਟੇ ਦੇ ਜਨਮ ਦੀ ਖੁਸ਼ੀ ਵਿਚ ਸਮਾਰੋਹ ਆਯੋਜਿਤ ਕੀਤਾ ਸੀ, ਜਿਥੇ ਉਕਤ ਮੁਲਜ਼ਮ ਨੇ ਆ ਕੇ ਉਨ੍ਹਾਂ ਦੇ ਘਰ ਦੀਆਂ ਲੜਕੀਆਂ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਰੋਕਣ 'ਤੇ ਉਹ ਮੌਕੇ ਤੋਂ ਤਾਂ ਚਲਾ ਗਿਆ ਪਰ ਕੁਝ ਸਮੇਂ ਬਾਅਦ ਉਹ ਆਪਣੇ ਸਾਥੀਆਂ ਨੂੰ ਲੈ ਕੇ ਫਿਰ ਆ ਗਿਆ, ਜਿਨ੍ਹਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਸਨ ਅਤੇ ਆਉਂਦੇ ਹੀ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਕਮਰੇ ਵਿਚ ਬੈਠੀਆਂ ਔਰਤਾਂ ਨੂੰ ਘਸੀਟਦੇ ਹੋਏ ਬਾਹਰ ਲੈ ਆਏ। ਦੋਸ਼ੀਆਂ ਨੇ ਗੋਲੀਆਂ ਵੀ ਚਲਾਈਆਂ, ਜਦੋਂ ਤੱਕ ਪੁਲਸ ਮੌਕੇ 'ਤੇ ਪਹੁੰਚੀ ਦੋਸ਼ੀ ਫਰਾਰ ਹੋ ਚੁੱਕੇ ਸਨ।


Related News