50 ਫੀਸਦੀ ਅਹੁਦੇ ਔਰਤਾਂ ਨੂੰ ਮਿਲਣ ਦੇ ਸੁਪਨੇ ਵੇਖਣ ਲੱਗੀਆਂ ਕਾਂਗਰਸ ਦੀਆਂ ਮਹਿਲਾ ਆਗੂ

08/18/2017 4:30:01 AM

ਜਲੰਧਰ  (ਪੁਨੀਤ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਿਗਮ ਚੋਣਾਂ ਵਿਚ 50 ਫੀਸਦੀ ਮਹਿਲਾ ਉਮੀਦਵਾਰਾਂ ਦਾ ਕੋਟਾ ਨਿਰਧਾਰਿਤ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਮਹਿਲਾ ਆਗੂਆਂ ਦੇ ਚਿਹਰਿਆਂ 'ਤੇ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਉਹ ਹੁਣ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ 50 ਫੀਸਦੀ ਪੋਲੀਟੀਕਲ ਅਹੁਦੇ ਔਰਤਾਂ ਨੂੰ ਮਿਲਣ ਦੇ ਸੁਪਨੇ ਵੇਖਣ ਲੱਗੀਆਂ ਹਨ।  ਕੈਪਟਨ ਨੇ ਕਿਹਾ ਸੀ ਕਿ ਨਿਗਮ ਹਾਊਸ ਵਿਚ 50 ਫੀਸਦੀ ਔਰਤਾਂ ਹੋਣਗੀਆਂ, ਜਿਸ ਕਾਰਨ ਹੁਣ ਮਹਿਲਾ ਆਗੂ ਚੇਅਰਮੈਨ ਲਈ 50 ਫੀਸਦੀ ਅਹੁਦਿਆਂ ਦੀਆਂ ਚਾਹਵਾਨ ਦਿਸਣ ਲੱਗੀਆਂ ਹਨ। ਪੰਜਾਬ ਵਿਚ ਨਿਗਮ ਚੋਣਾਂ ਨੂੰ ਲੈ ਕੇ ਅਜਿਹਾ ਐਲਾਨ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਪਹਿਲੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਨਿਗਮ ਹਾਊਸ ਵਿਚ ਹਰ ਦੂਜੀ ਕੁਰਸੀ 'ਤੇ ਔਰਤਾਂ ਨੂੰ ਬਿਠਾਉਣ ਦਾ ਦਾਅਵਾ ਕੀਤਾ ਹੈ।
ਮਹਿਲਾ ਆਗੂ ਇਸ ਸੰੰਬੰਧ ਵਿਚ ਆਪਣੇ ਅਕਾਵਾਂ ਨਾਲ ਸੰਪਰਕ ਬਣਾਉਣ ਲੱਗੀਆਂ ਹਨ ਤਾਂ ਜੋ ਨਿਗਮ ਵਲੋਂ ਕੋਈ ਵੀ ਐਲਾਨ ਕਰਨ 'ਤੇ ਉਨ੍ਹਾਂ ਨੂੰ ਪਾਰਟੀ ਵਲੋਂ ਮੌਕਾ ਮਿਲ ਸਕੇ। ਨਿਗਮ ਚੋਣਾਂ ਵਿਚ ਅਜੇ ਦੇਰ ਹੈ, ਇਸ ਲਈ ਮਹਿਲਾ ਆਗੂ ਚਾਹੁੰਦੀਆਂ ਹਨ ਕਿ ਪਾਰਟੀ ਵਲੋਂ ਬੋਰਡ ਤੇ ਹੋਰ ਵਿਭਾਗਾਂ ਦੀਆਂ ਚੇਅਰਮੈਨੀਆਂ ਉਨ੍ਹਾਂ ਦੇ ਹੱਥ ਲੱਗ ਜਾਣ ਤੇ ਚੇਅਰਪਰਸਨ ਬਣ ਕੇ ਉਨ੍ਹਾਂ ਦਾ ਕੱਦ ਵੱਡਾ ਹੋ ਜਾਵੇ।
ਨਿਗਮ ਚੋਣਾਂ ਵਿਚ ਅਜੇ ਸਮਾਂ ਪਿਆ ਹੈ ਕਿਉਂਕਿ ਕਾਂਗਰਸ ਵਲੋਂ ਵਿਕਾਸ ਦੇ ਜੋ ਦਾਅਵੇ ਕੀਤੇ ਗਏ, ਉਹ ਅਜੇ ਪੂਰੇ ਨਹੀਂ ਹੋ ਸਕੇ ਹਨ, ਜਿਸ ਕਾਰਨ ਵਿਧਾਇਕ ਅਜੇ ਨਿਗਮ ਚੋਣਾਂ ਨਹੀਂ ਕਰਵਾਉਣਾ ਚਾਹੁੰਦੇ। ਲੀਡਰਾਂ ਦੀ ਇਹ ਗੱਲ ਮੁੱਖ ਮੰਤਰੀ ਕੈਪਟਨ ਤੱਕ ਪਹੁੰਚ ਚੁੱਕੀ ਹੈ ਤੇ ਉਹ ਵੀ ਅਜੇ ਚੋਣਾਂ ਨੂੰ ਲੈ ਕੇ ਕੋਈ ਖਾਸ ਰੁਚੀ ਨਹੀਂ ਦਿਖਾ ਰਹੇ। ਪਾਰਟੀ ਵਲੋਂ ਵਿਕਾਸ ਕਾਰਜ ਵਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਨਿਗਮ ਚੋਣਾਂ ਤੱਕ ਆਪਣੀ ਪਕੜ ਨੂੰ ਮਜ਼ਬੂਤ  ਕੀਤਾ ਜਾ ਸਕੇ ਕਿਉਂਕਿ ਵਿਧਾਨ ਸਭਾ ਚੋਣਾਂ ਵਿਚ ਪੂਰਨ ਬਹੁਮਤ ਨਾਲ ਸੱਤਾ ਵਿਚ ਆਈ ਕਾਂਗਰਸ ਨਿਗਮ ਵਿਚ ਵੀ ਵਧੀਆ ਨਤੀਜੇ ਚਾਹੁੰਦੀ ਹੈ, ਜਿਸ ਕਾਰਨ ਪਾਰਟੀ ਨੇ ਮਹਿਲਾ ਆਗੂਆਂ ਨੂੰ ਖੂਬ ਬੂਸਟਅਪ ਕੀਤਾ ਹੈ। ਔਰਤਾਂ ਨੂੰ ਜਿਸ ਤਰ੍ਹਾਂ ਪਾਰਟੀ ਵਿਚ ਤਵੱਜੋ ਮਿਲ ਰਹੀ ਹੈ, ਇਸ ਨਾਲ ਉਨ੍ਹਾਂ ਨੂੰ ਇਹ ਉਮੀਦ ਹੈ ਕਿ ਪਾਰਟੀ ਵਲੋਂ ਵੱਡੇ ਅਹੁਦਿਆਂ 'ਤੇ ਵੀ ਉਨ੍ਹਾਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਮਹਿਲਾ ਆਗੂਆਂ ਦੀ ਇਹ ਆਸ ਕਿੰਨੀ ਪੂਰੀ ਹੁੰਦੀ ਹੈ।


Related News