ਦਾਜ ਦੇ ਲੋਭੀ ਪਰਿਵਾਰ ਨੇ ਵਿਆਹੁਤਾ ਅਤੇ ਕੁੜਮਣੀ ਦੀ ਕੀਤੀ ਕੁੱਟਮਾਰ

06/26/2017 4:24:36 AM

ਗੁਰਦਾਸਪੁਰ,  (ਵਿਨੋਦ)-  ਪੁਲਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਕੂੰਟ ਵਿਖੇ ਇਕ ਵਿਆਹੁਤਾ ਲੜਕੀ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਮਾਰਕੁੱਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਹਰਪ੍ਰੀਤ ਕੌਰ ਪੁੱਤਰੀ ਨਿਸ਼ਾਨ ਸਿੰਘ ਵਾਸੀ ਵੜੈਚ ਨੇ ਦੱਸਿਆ ਕਿ ਉਸ ਦਾ ਵਿਆਹ 5 ਸਾਲ ਪਹਿਲਾਂ ਜਤਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਕੂੰਟ ਨਾਲ ਹੋਇਆ ਸੀ। ਵਿਆਹ ਸਮੇਂ ਉਸ ਦੇ ਮਾਪਿਆਂ ਨੇ ਲੋੜੀਂਦਾ ਸਾਮਾਨ ਵੀ ਦਿੱਤਾ ਸੀ ਪਰ ਉਸ ਦਾ ਪਤੀ ਦਾਜ 'ਚ ਬੁਲਟ ਮੋਟਰਸਾਈਕਲ ਦੀ ਮੰਗ ਕਰਦਾ ਸੀ। ਮੰਗ ਪੂਰੀ ਨਾ ਹੋਣ 'ਤੇ ਪਤੀ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਚਾਰ ਸਾਲ ਦੀ ਇਕ ਲੜਕੀ ਵੀ ਹੈ। ਉਸ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ 'ਚ ਰਹਿੰਦਾ ਹੈ। ਪਹਿਲਾਂ ਵੀ ਜਦੋਂ ਉਹ ਛੁੱਟੀ ਆਇਆ ਸੀ ਤਾਂ ਉਸ ਨੇ ਉਸ ਦੀ ਕੁੱਟਮਾਰ ਕੀਤੀ ਸੀ ਅਤੇ ਮੋਹਤਬਰਾਂ ਦੇ ਕਹਿਣ 'ਤੇ ਇਹ ਮਾਮਲਾ ਹੱਲ ਹੋ ਗਿਆ ਸੀ ਪਰ ਹੁਣ ਫਿਰ ਉਸ ਦੇ ਪਤੀ ਨੇ ਵਿਦੇਸ਼ ਤੋਂ ਆ ਕੇ ਕੁੱਟਮਾਰ ਕੀਤੀ। ਉਸ ਦੀ ਸੱਸ ਅਤੇ ਸਹੁਰਾ ਹਰਭਜਨ ਸਿੰਘ ਵੀ ਆਪਣੇ ਪੁੱਤਰ ਦਾ ਸਾਥ ਦਿੰਦੇ ਹਨ। ਉਸ ਨੇ ਕਿਹਾ ਕਿ ਅੱਜ ਦੁਬਾਰਾ ਕੀਤੀ ਕੁੱਟਮਾਰ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਉਨ੍ਹਾਂ ਉਸ ਨੂੰ ਸਮਝਾਇਆ ਕਿ ਸਭ ਕੁਝ ਠੀਕ ਹੋ ਜਾਵੇਗਾ।
ਪੀੜਤਾ ਨੇ ਦੱਸਿਆ ਕਿ ਜਤਿੰਦਰ ਸਿੰਘ ਨੇ ਉਸ ਦੇ ਸਵ. ਭਰਾ ਦੇ ਪੇਕੇ ਘਰ ਲੱਗੇ ਬੁਲਟ ਮੋਟਰਸਾਈਕਲ ਦੀ ਮੰਗ ਕਰਦਿਆਂ ਫਿਰ ਕੁੱਟਮਾਰ ਕੀਤੀ ਹੈ। ਇਸ ਦੌਰਾਨ ਉਸ ਦੇ ਸਹੁਰੇ ਹਰਭਜਨ ਸਿੰਘ ਨੇ ਵੀ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਬਾਅਦ ਜਦੋਂ ਉਸ ਦੀ ਮਾਤਾ ਹਰਦੀਪ ਕੌਰ ਆਪਣੇ ਹੋਰਨਾਂ ਰਿਸ਼ਤੇਦਾਰਾਂ ਨਾਲ ਸਹੁਰੇ ਘਰ ਆਈ ਤਾਂ ਉਸ ਦੇ ਮਾਪਿਆਂ ਨੂੰ ਘਰ 'ਚ ਬੰਦੀ ਬਣਾ ਲਿਆ ਅਤੇ ਤੁਗਲਵਾਲ ਪੁਲਸ ਚੌਕੀ ਦੇ ਮੁਲਾਜ਼ਮਾਂ ਨੇ ਉਸ ਨੂੰ ਅਤੇ ਪੇਕੇ ਪਰਿਵਾਰ ਨੂੰ ਸਹੁਰਿਆਂ ਕੋਲੋਂ ਛੁਡਵਾਇਆ ਹੈ। ਪੀੜਤਾ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪੁਲਸ ਪ੍ਰਸ਼ਾਸਨ ਕੋਲੋਂ ਇਸ ਵਧੀਕੀ ਲਈ ਇਨਸਾਫ ਦੀ ਮੰਗ ਕੀਤੀ ਹੈ। 


Related News