ਸੈਂਕੜੇ ਮਰੀਜ਼ਾਂ ਲਈ ਹੈ ਸਿਰਫ 1 ਡਾਕਟਰ

09/21/2017 7:32:57 AM

ਅੰਮ੍ਰਿਤਸਰ  (ਦਲਜੀਤ) - ਸਿਵਲ ਹਸਪਤਾਲ 'ਚ ਜਣੇਪੇ ਕਰਵਾਉਣ ਆਉਣ ਵਾਲੀਆਂ ਗਰਭਵਤੀ ਔਰਤਾਂ ਸਾਵਧਾਨ ਹੋ ਜਾਣ। ਹਸਪਤਾਲ 'ਚ ਇਸਤਰੀ ਰੋਗ ਦੀਆਂ ਮਾਹਿਰ ਡਾਕਟਰਾਂ ਦੀ ਵੱਡੀ ਪੱਧਰ 'ਤੇ ਘਾਟ ਹੈ ਅਤੇ ਇਕ ਹੀ ਡਾਕਟਰ ਰੋਜ਼ਾਨਾ 250 ਤੋਂ ਵੱਧ ਗਰਭਵਤੀ ਔਰਤਾਂ ਦੀ ਓ. ਪੀ. ਡੀ. ਅਤੇ ਜਣੇਪੇ ਕਰ ਰਹੀ ਹੈ। ਸਿਵਲ ਸਰਜਨ ਵੱਲੋਂ ਤਾਇਨਾਤ ਕੀਤੇ ਗਏ 2 ਸਰਜਨਾਂ ਨੇ ਵੀ ਜਣੇਪੇ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦਾ ਜ਼ਿਲਾ ਪੱਧਰੀ ਸਿਵਲ ਹਸਪਤਾਲ ਆਪਣੀਆਂ ਵਧੀਆ ਸਿਹਤ ਸੇਵਾਵਾਂ ਲਈ ਪੂਰੇ ਪੰਜਾਬ 'ਚ ਮਸ਼ਹੂਰ ਹੈ ਪਰ ਹਸਪਤਾਲ ਦੇ ਇਸਤਰੀ ਰੋਗ ਵਿਭਾਗ ਨੂੰ ਅੱਜਕਲ ਗ੍ਰਹਿਣ ਲੱਗ ਗਿਆ ਹੈ। ਵਿਭਾਗ 'ਚ ਤਾਇਨਾਤ ਡਾ. ਸਿਮਰਤ ਦਾ ਘਰਿਆਲਾ ਤਬਾਦਲਾ ਹੋ ਗਿਆ ਤੇ ਡਾ. ਸੁਕ੍ਰਿਤੀ ਸੀਨੀਅਰ ਰੈਜ਼ੀਡੈਂਸੀ ਕਰਨ ਲਈ ਸਰਕਾਰੀ ਮੈਡੀਕਲ ਕਾਲਜ ਚਲੇ ਗਏ ਹਨ। ਵਿਭਾਗ 'ਚ ਹੁਣ ਡਾ. ਅਨੁਜੀਤ ਹੀ ਰਹਿ ਗਏ ਹਨ। ਰੋਜ਼ਾਨਾ ਹਸਪਾਲ 'ਚ 250 ਤੋਂ ਵੱਧ ਗਰਭਵਤੀ ਔਰਤਾਂ ਓ. ਪੀ. ਡੀ. 'ਚ ਜਾਂਚ ਲਈ ਆਉਂਦੀਆਂ ਹਨ, ਜਦਕਿ ਹਰ ਮਹੀਨੇ ਸਾਧਾਰਨ ਤੇ ਵੱਡੇ ਆਪ੍ਰੇਸ਼ਨ ਮਿਲਾ ਕੇ 350 ਤੋਂ ਵੱਧ ਜਣੇਪੇ ਹੁੰਦੇ ਹਨ। ਡਾ. ਅਨੁਜੀਤ ਦੇ ਮੋਢਿਆਂ 'ਤੇ ਵੱਧ ਭਾਰ ਹੈ ਅਤੇ ਉਨ੍ਹਾਂ ਨੂੰ ਦਿਨ-ਰਾਤ ਸਿਹਤ ਸੇਵਾਵਾਂ ਦੇਣੀਆਂ ਪੈ ਰਹੀਆਂ ਹਨ। ਸਿਵਲ ਸਰਜਨ ਵੱਲੋਂ ਸਿਵਲ ਹਸਪਤਾਲ 'ਚ ਤਾਇਨਾਤ ਸਰਜਨ ਡਾ. ਐੱਨ. ਪੀ. ਸਿੰਘ ਤੇ ਡਾ. ਅਰਸ਼ਦੀਪ ਨੂੰ ਗਰਭਵਤੀ ਔਰਤਾਂ ਦੀ ਸੀਜੇਰੀਅਨ ਕਰਨ ਲਈ ਹੁਕਮ ਦਿੱਤੇ ਗਏ ਹਨ ਪਰ ਉਕਤ ਦੋਵੇਂ ਡਾਕਟਰਾਂ ਨੇ ਹੁਕਮ ਨਾ ਮੰਨਦੇ ਹੋਏ ਸੀਜੇਰੀਅਨ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਸਰਜਨ ਡਾਕਟਰਾਂ ਵੱਲੋਂ ਮਨ੍ਹਾ ਕਰਨ 'ਤੇ ਹੁਣ ਸਾਰਾ ਭਾਰ ਡਾ. ਅਨੁਜੀਤ 'ਤੇ ਆ ਗਿਆ ਹੈ।
ਸਿਹਤ ਵਿਭਾਗ ਦੇ ਸੂਤਰ ਦੱਸਦੇ ਹਨ ਕਿ ਰਾਜ ਦੇ ਕਈ ਜ਼ਿਲਿਆਂ ਦੇ ਸਰਕਾਰੀ ਹਸਪਤਾਲਾਂ 'ਚ ਵੱਡੇ ਪੱਧਰ 'ਤੇ ਮਹਿਲਾ ਰੋਗ ਮਾਹਿਰਾਂ ਦੀ ਘਾਟ ਹੈ ਪਰ ਵਿਭਾਗ ਦੀ ਸਕੱਤਰ ਵੱਲੋਂ ਸੰਬੰਧਿਤ ਜ਼ਿਲਿਆਂ 'ਚ ਜੱਚਾ-ਬੱਚਾ ਸੇਵਾਵਾਂ ਪ੍ਰਭਾਵਿਤ ਨਾ ਹੋਣ, ਇਸ ਲਈ ਸਰਜਨਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਹਨ। ਹੁਸ਼ਿਆਰਪੁਰ ਅਤੇ ਕਈ ਹੋਰ ਜ਼ਿਲਿਆਂ ਵਿਚ ਸਰਜਨ ਬਾਕਾਇਦਾ ਸੀਜੇਰੀਅਨ ਕਰ ਰਹੇ ਹਨ ਪਰ ਅੰਮ੍ਰਿਤਸਰ ਦੇ ਉਕਤ ਦੋਵੇਂ ਡਾਕਟਰ ਸਿਵਲ ਸਰਜਨ ਦੇ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ ਹੀ ਸੀਜੇਰੀਅਨ ਕਰਨ ਤੋਂ ਪਿਛਾਂਹ ਹੋ ਗਏ ਹਨ।
ਹੁਕਮ ਨਾ ਮੰਨਣ ਵਾਲਿਆਂ ਦੀ ਰਿਪੋਰਟ ਜਾਵੇਗੀ ਵਿਭਾਗ ਕੋਲ
ਸਿਵਲ ਸਰਜਨ ਡਾ. ਨਰਿੰਦਰ ਕੌਰ ਨਾਲ ਇਸ ਸਬੰਧੀ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 2 ਡਾਕਟਰਾਂ ਦੇ ਜਾਣ ਕਾਰਨ ਇਸਤਰੀ ਰੋਗ ਵਿਭਾਗ 'ਚ ਸਿਰਫ ਹੁਣ ਡਾ. ਅਨੁਜੀਤ ਹੀ ਰਹਿ ਗਈ ਹੈ, ਜੋ ਦਿਨ-ਰਾਤ ਕੰਮ ਨਹੀਂ ਕਰ ਸਕਦੀ। ਕੰਮ ਵੱਧ ਹੈ ਤੇ ਡਾਕਟਰਾਂ ਦੀ ਘਾਟ ਹੈ। ਉਨ੍ਹਾਂ ਵੱਲੋਂ ਸਰਜਨਾਂ ਦੀ ਸੀਜੇਰੀਅਨ ਕਰਨ ਲਈ ਡਿਊਟੀ ਲਾਈ ਗਈ ਹੈ। ਜੋ ਡਾਕਟਰ ਹੁਕਮ ਨਹੀਂ ਮੰਨ ਰਹੇ, ਉਨ੍ਹਾਂ ਦੀ ਰਿਪੋਰਟ ਬਣਾ ਕੇ ਸਿਹਤ ਵਿਭਾਗ ਨੂੰ ਅਗਲੀ ਕਾਰਵਾਈ ਲਈ ਭੇਜੀ ਜਾਵੇਗੀ। ਡਾ. ਨਰਿੰਦਰ ਕੌਰ ਨੇ ਕਿਹਾ ਕਿ ਸਿਹਤ ਸੇਵਾਵਾਂ ਕਦੇ ਵੀ ਪ੍ਰਭਾਵਿਤ ਨਹੀਂ ਹੋਣ ਦਿੱਤੀਆਂ ਜਾਣਗੀਆਂ। ਹੋਰ ਬਲਾਕਾਂ 'ਚ ਤਾਇਨਾਤ ਸਰਜਨਾਂ ਨੂੰ ਹਫਤੇ 'ਚ ਸਿਵਲ ਹਸਪਤਾਲ ਸੀਜੇਰੀਅਨ ਕਰਨ ਲਈ 2 ਦਿਨ ਦੀ ਡਿਊਟੀ ਲਾਈ ਜਾਵੇਗੀ। ਇਸ ਸਬੰਧੀ ਉਨ੍ਹਾਂ ਵੱਲੋਂ ਪੱਤਰ ਵੀ ਜਾਰੀ ਕੀਤਾ ਜਾ ਰਿਹਾ ਹੈ।
ਵਿਭਾਗ ਥੋਪ ਰਿਹੈ ਜ਼ਬਰਦਸਤੀ ਹੁਕਮ
ਇਸ ਸਬੰਧੀ ਜਦੋਂ ਡਾ. ਅਰਸ਼ਦੀਪ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਸਰਜਨ ਦੀ ਪੜ੍ਹਾਈ ਕੀਤੀ ਤਾਂ ਉਸ ਵਿਚ ਸੀਜੇਰੀਅਨ ਕਰਨ ਸਬੰਧੀ ਜਾਂ ਉਸ ਨਾਲ ਸੰਬੰਧਿਤ ਪੜ੍ਹਾਈ ਨਹੀਂ ਸੀ। ਸੀਜੇਰੀਅਨ ਲਈ ਨਾ ਤਾਂ ਕੋਈ ਟ੍ਰੇਨਿੰਗ ਉਨ੍ਹਾਂ ਨੂੰ ਦਿੱਤੀ ਗਈ ਤੇ ਨਾ ਹੀ ਕੋਈ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਵਿਭਾਗ ਜ਼ਬਰਦਸਤੀ ਉਨ੍ਹਾਂ 'ਤੇ ਹੁਕਮ ਥੋਪ ਰਿਹਾ ਹੈ। ਸੀਜੇਰੀਅਨ ਕਰਦੇ ਸਮੇਂ ਜੇਕਰ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ। ਜੇਕਰ ਉਨ੍ਹਾਂ ਦੀ ਪੜ੍ਹਾਈ ਹੀ ਇਸ ਨਾਲ ਸੰਬੰਧਿਤ ਨਹੀਂ ਹੈ ਤਾਂ ਕੰਮ ਕਿਉਂ ਲਿਆ ਜਾ ਰਿਹਾ ਹੈ, ਉਨ੍ਹਾਂ ਆਪਣੀ ਡਿਗਰੀ ਕੈਂਸਲ ਨਹੀਂ ਕਰਵਾਉਣੀ। ਇਸ ਸਬੰਧੀ ਸਿਵਲ ਸਰਜਨ ਨੂੰ ਲਿਖ ਦਿੱਤਾ ਗਿਆ ਹੈ।
ਡਾ. ਐੱਨ. ਪੀ. ਸਿੰਘ ਨਾਲ ਇਸ ਸਬੰਧੀ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਰਾ ਮਾਮਲਾ ਸੁਣ ਕੇ ਕਹਿ ਦਿੱਤਾ ਕਿ ਮੈਂ ਬਿਜ਼ੀ ਹਾਂ ਤੇ ਜਦੋਂ ਬਾਅਦ 'ਚ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਹੀ ਨਹੀਂ ਚੁੱਕਿਆ।
ਮਰੀਜ਼ਾਂ ਨੂੰ ਕਰਨਾ ਪਵੇਗਾ ਰੈਫਰ
ਆਰ. ਟੀ. ਆਈ. ਐਕਟੀਵਿਸਟ ਜੈ ਗੋਪਾਲ ਲਾਲੀ ਨੇ ਦੱਸਿਆ ਕਿ ਸਿਹਤ ਵਿਭਾਗ ਅਧੀਨ ਕੰਮ ਕਰਨ ਵਾਲੇ ਡਾਕਟਰ 24 ਘੰਟੇ ਲਈ ਵਿਭਾਗੀ ਤੇ ਸਿਹਤ ਸੇਵਾਵਾਂ ਨਾਲ ਜੁੜੇ ਕੰਮਾਂ ਲਈ ਪਾਬੰਦ ਹੁੰਦੇ ਹਨ। ਜ਼ਿਲੇ ਦਾ ਮੁਖੀ ਸਿਵਲ ਸਰਜਨ ਜਦੋਂ ਮਰਜ਼ੀ ਐਮਰਜੈਂਸੀ ਵਿਚ ਡਾਕਟਰਾਂ ਦੀ ਡਿਊਟੀ ਵੀ ਲਾ ਸਕਦਾ ਹੈ। 2 ਸਰਜਨਾਂ ਵੱਲੋਂ ਸਿਹਤ ਸੇਵਾਵਾਂ ਭਵਿੱਖ 'ਚ ਪ੍ਰਭਾਵਿਤ ਹੋਣਗੀਆਂ, ਬਾਰੇ ਸੋਚੇ ਬਿਨਾਂ ਹੀ ਸੀਜੇਰੀਅਨ ਕਰਨ ਤੋਂ ਮਨ੍ਹਾ ਕਰਨਾ ਗਲਤ ਹੈ। ਜ਼ਿਲੇ 'ਚ ਸਿਵਲ ਹਸਪਤਾਲ ਦੇ ਬਰਾਬਰ ਵਾਲਾ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ ਜੋ ਮੈਡੀਕਲ ਕਾਲਜ ਅਧੀਨ ਚੱਲ ਰਿਹਾ ਹੈ, ਅਜਿਹੀ ਹਾਲਤ 'ਚ ਹੁਣ ਸਿਵਲ ਹਸਪਤਾਲ ਨੂੰ ਆਪਣੇ ਮਰੀਜ਼ ਸੀਜੇਰੀਅਨ ਲਈ ਬੇਬੇ ਨਾਨਕੀ ਸੈਂਟਰ 'ਚ ਰੈਫਰ ਕਰਨੇ ਪੈਣਗੇ। ਲਾਲੀ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਬੇਬੇ ਨਾਨਕੀ ਸੈਂਟਰ 'ਚ ਗਰਭਵਤੀ ਔਰਤਾਂ ਨੂੰ ਬਿਹਤਰ ਸੇਵਾਵਾਂ ਨਹੀਂ ਦਿੱਤੀਆਂ ਜਾਂਦੀਆਂ। ਪੈਦਾ ਹੋਏ ਹਾਲਾਤ 'ਚ ਹੁਣ ਮਰੀਜ਼ਾਂ ਦੀ ਖੱਜਲ-ਖੁਆਰੀ ਤੇ ਸ਼ੋਸ਼ਣ ਹੋਣਾ ਸੁਭਾਵਿਕ ਹੈ।


Related News