ਦੀਵਾਲੀ ਮੌਕੇ ਲੋੜਵੰਦਾਂ ਨੂੰ ''ਜਨ ਸਹਾਇਤਾ ਕੇਂਦਰ'' ਦਾ ਤੋਹਫਾ

10/19/2017 8:01:52 AM

ਪਟਿਆਲਾ  (ਰਾਜੇਸ਼) - ਇਸ ਵਾਰ ਗਰੀਬਾਂ ਅਤੇ ਲੋੜਵੰਦਾਂ ਦੀ ਦੀਵਾਲੀ ਵੀ ਆਮ ਲੋਕਾਂ ਵਾਂਗ ਹੋਣ ਜਾ ਰਹੀ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਦੀਵਾਲੀ ਮੌਕੇ ਲੋੜਵੰਦਾਂ ਨੂੰ 'ਜਨ ਸਹਾਇਤਾ ਕੇਂਦਰ' ਦਾ ਤੋਹਫਾ ਦਿੱਤਾ ਗਿਆ ਹੈ। ਇਹ ਪੰਜਾਬ ਦਾ ਅਜਿਹਾ ਪਹਿਲਾ ਕੇਂਦਰ ਹੈ, ਜਿੱਥੇ ਲੋੜਵੰਦ ਲੋਕਾਂ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਸਮੱਗਰੀ ਦਿੱਤੀ ਜਾਵੇਗੀ। ਸ਼ਹਿਰ ਦੇ ਲੋਕਾਂ ਨੂੰ 'ਵਨ ਸਟਾਪ ਸੈਂਟਰ' ਦੇ ਰੂਪ ਵਿਚ ਸਹਾਇਤਾ ਕੇਂਦਰ ਸਮਰਪਿਤ ਕਰਨ ਆਏ ਸਾਬਕਾ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਇਸ ਕੇਂਦਰ 'ਚ ਕੋਈ ਵੀ ਵਿਅਕਤੀ, ਬਜ਼ੁਰਗ ਜਾਂ ਬੱਚਾ ਖਾਣੇ, ਕੱਪੜੇ, ਕਿਤਾਬਾਂ, ਦਵਾਈਆਂ ਆਦਿ ਦੀ ਲੋੜ ਲਈ ਆ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੀ ਮੌਜੂਦ ਸਨ।
ਪ੍ਰਨੀਤ ਕੌਰ ਨੇ ਕਿਹਾ ਕਿ ਰੈੱਡ ਕਰਾਸ ਦੀ ਸਹਾਇਤਾ ਨਾਲ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਜੇਲ ਵੱਲ ਜਾਣ ਵਾਲੀ ਰੋਡ 'ਤੇ 'ਰਹਿਮਤ ਰਸੋਈ' ਨੇੜੇ ਬਣੇ ਇਸ ਕੇਂਦਰ ਨੂੰ ਸ਼ਹਿਰ ਦੇ 49 ਪ੍ਰਾਈਵੇਟ ਸਕੂਲਾਂ ਦੀ ਮਦਦ ਨਾਲ ਚਲਾਇਆ ਜਾਵੇਗਾ। ਇਨ੍ਹਾਂ ਸਕੂਲਾਂ ਦੇ ਬੱਚੇ ਆਪਣੇ ਵੱਲੋਂ ਕੱਪੜੇ, ਖਿਲੌਣੇ, ਕਿਤਾਬਾਂ, ਕਾਪੀਆਂ, ਬੂਟ ਅਤੇ ਥੋੜ੍ਹੀ ਮਾਤਰਾ ਵਿਚ ਪੈਸੇ ਵੀ ਦਾਨ ਕਰਨਗੇ। ਸਕੂਲ ਜਾਣ ਵਾਲੇ ਬੱਚਿਆਂ 'ਚ ਦਾਨ ਕਰਨ ਦੀ ਅਤੇ ਲੋਕਾਂ ਦੀ ਸਹਾਇਤਾ ਕਰਨ ਦੀ ਆਦਤ ਪਾਉਣ ਲਈ ਉਪਰਾਲਾ ਕਰਨਾ ਵੀ ਇਸ ਸਹਾਇਤਾ ਕੇਂਦਰ ਦਾ ਇੱਕ ਮੰਤਵ ਹੈ। ਇਸ ਨਾਲ ਲੋੜਵੰਦ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਿਆ ਜਾ ਸਕੇਗਾ ਅਤੇ ਉਨ੍ਹਾਂ ਨੂੰ ਪੜ੍ਹਾਈ ਵੱਲ ਲਾਇਆ ਜਾ ਸਕੇਗਾ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਏ. ਡੀ. ਸੀ. ਵਿਕਾਸ ਸ਼ੌਕਤ ਅਹਿਮਦ ਪਰੇ ਵੱਲੋਂ ਸਹਾਇਤਾ ਕੇਂਦਰ ਦਾ ਪ੍ਰਾਜੈਕਟ ਬਣਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਰੈੱਡ ਕਰਾਸ ਨੂੰ ਸਹਾਇਤਾ ਕੇਂਦਰ ਲਈ ਆਪਣੇ ਅਖਤਿਆਰੀ ਫੰਡ 'ਚੋਂ 50 ਹਜ਼ਾਰ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਜ਼ਿਲਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਕਦੀ ਜਾਂ ਕਿਸੇ ਹੋਰ ਕਿਸੇ ਚੀਜ਼ ਦੇ ਰੂਪ ਵਿਚ 'ਜਨ ਸਹਾਇਤਾ ਕੇਂਦਰ' 'ਚ ਆਉਣ ਵਾਲੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ। ਇਸ ਮੌਕੇ ਮੁੱਖ ਮੰਤਰੀ ਦੇ ਓ. ਐੈੱਸ. ਡੀ. ਹਨੀ ਸੇਖੋਂ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼ੌਕਤ ਅਹਿਮਦ ਪਰੇ, ਵਧੀਕ ਡਿਪਟੀ ਕਮਿਸ਼ਨਰ ਜਨਰਲ ਪੂਨਮਦੀਪ ਕੌਰ, ਐੱਸ. ਡੀ. ਐੱਮ. ਅਨਮੋਲ ਸਿੰਘ ਧਾਲੀਵਾਲ, ਪ੍ਰਿਤਪਾਲ ਸਿੰਘ ਸਿੱਧੂ, ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਸ਼ਾਇਨਾ ਕਪੂਰ, ਜਸਵਿੰਦਰ ਸਿੰਘ ਜੁਲਕਾਂ, ਵਿਜੇ ਕੁਮਾਰ ਕੂਕਾ ਅਤੇ ਹੋਰ ਆਗੂ ਵੀ ਹਾਜ਼ਰ ਸਨ।


Related News