ਪ੍ਰਦੂਸ਼ਣ ਦਾ ਹਨੇਰ ਨਾ ਬਣਨ ਦਿਓ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਨੂੰ

10/19/2017 7:23:59 AM

ਸਮਰਾਲਾ (ਬੰਗੜ, ਗਰਗ) - ਵੈਸੇ ਤਾਂ ਦੀਵਾਲੀ ਰੌਸ਼ਨੀਆਂ ਦੇ ਤਿਉਹਾਰ ਵਜੋਂ ਜਾਣੀ ਜਾਂਦੀ ਹੈ ਕਿਉਂਕਿ ਇਸ ਦਿਨ ਦੇਸ਼ ਦਾ ਚੱਪਾ-ਚੱਪਾ ਸ਼ਰਧਾ ਨਾਲ ਕੀਤੀ ਗਈ ਦੀਪਮਾਲਾ ਨਾਲ ਰੌਸ਼ਨਾ ਜਾਂਦਾ ਹੈ। ਦੀਵਾਲੀ ਦੇ ਇਤਿਹਾਸ ਤੋਂ ਕੋਈ ਨਾ-ਵਾਕਿਫ ਨਹੀਂ। ਵਾਕਫੀਅਤ ਤਾਂ ਇਸ ਗੱਲ ਦੀ ਕਰਨੀ ਬਣਦੀ ਹੈ ਕਿ ਮਾਣ-ਮੱਤਾ ਇਹ ਤਿਉਹਾਰ ਹੁਣ ਰੌਸ਼ਨੀਆਂ ਦੀ ਥਾਂ ਪ੍ਰਦੂਸ਼ਣ ਦੇ ਹਨੇਰ ਵਿਚ ਬਦਲਦਾ ਜਾ ਰਿਹਾ ਹੈ। ਦੀਵਾਲੀ ਮੌਕੇ ਸਾਡੇ ਦੇਸ਼ ਦੇ ਲੋਕ ਅਰਬਾਂ-ਖਰਬਾਂ ਰੁਪਏ ਦੇ ਪਟਾਕੇ ਫੂਕ ਕੇ ਜਿਥੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ, ਉਥੇ ਹੀ ਵਾਤਾਵਰਣ ਨੂੰ ਸਿਖਰਾਂ ਦਾ ਗੰਦਾ ਕਰ ਛੱਡਦੇ ਹਨ। ਇੰਨਾ ਹੀ ਨਹੀਂ, ਸ਼ਰਧਾ ਦੇ ਵਿਚੋਂ ਨਵੀਆਂ ਜੰਮੀਆਂ ਅਲਾਮਤਾਂ ਵਿਚ ਜੂਆ ਖੇਡਣਾ, ਸ਼ਰਾਬ ਪੀਣ ਤੋਂ ਇਲਾਵਾ ਮਿਲਾਵਟੀ ਮਠਿਆਈਆਂ ਦਾ ਵਰਤਾਰਾ ਤੇ ਤੋਹਫਿਆਂ ਦੀ ਆੜ 'ਚ ਭ੍ਰਿਸ਼ਟਾਚਾਰ ਨੂੰ ਬੜਾਵਾ ਦੇਣਾ ਵੀ ਸ਼ਾਮਲ ਹੋ ਚੁੱਕਾ ਹੈ।
ਅੱਜ ਜਦੋਂ ਪ੍ਰਦੂਸ਼ਿਤ ਹੋਏ ਵਾਤਾਵਰਣ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ, ਉਦੋਂ ਇਹ ਦੱਸਣਾ ਜ਼ਰੂਰੀ ਬਣਦਾ ਹੈ ਕਿ ਜੋ ਪਟਾਕੇ ਅਸੀਂ ਖੁਸ਼ੀ ਦਾ ਇਜ਼ਹਾਰ ਕਰਨ ਲਈ ਚਲਾਉਂਦੇ ਹਾਂ, ਉਨ੍ਹਾਂ ਵਿਚ 75 ਫੀਸਦੀ ਪੋਟਾਸ਼ੀਅਮ ਨਾਈਟ੍ਰੇਟ, 10 ਫੀਸਦੀ ਗੰਧਕ, 10 ਫੀਸਦੀ ਕੋਲੇ ਤੋਂ ਇਲਾਵਾ 5 ਫੀਸਦੀ ਮਾਤਰਾ ਸ਼ੀਸ਼ੇ ਤੇ ਹੋਰ ਪਦਾਰਥਾਂ ਦੇ ਮਿਸ਼ਰਣ ਦੀ ਹੁੰਦੀ ਹੈ। ਇਨ੍ਹਾਂ ਪਟਾਕਿਆਂ ਦੇ ਚੱਲਣ ਤੋਂ ਬਾਅਦ ਜੋ ਜ਼ਹਿਰੀਲਾ ਧੂੰਆਂ ਨਿਕਲਦਾ ਹੈ, ਉਹ 6 ਤੋਂ 8 ਘੰਟੇ ਵਾਤਾਵਰਣ ਵਿਚ ਖਰੂਦ ਮਚਾਉਂਦਾ ਰਹਿੰਦਾ ਹੈ, ਜਿਸ ਕਾਰਨ ਅਨੇਕਾਂ ਬੀਮਾਰੀਆਂ ਦੀ ਪੈਦਾਇਸ਼ ਹੁੰਦੀ ਹੈ, ਜਿਨ੍ਹਾਂ ਵਿਚ ਅੱਖਾਂ ਤੇ ਨੱਕ ਲਈ ਰੋਗ ਪੈਦਾ ਹੁੰਦੇ ਹਨ, ਇਸ ਤੋਂ ਇਲਾਵਾ ਸਾਹ ਦੇ ਮਰੀਜ਼ਾਂ ਲਈ ਘਾਤਕ ਮਾਹੌਲ ਪੈਦਾ ਹੋ ਜਾਂਦਾ ਹੈ।
 ਮਾਹਿਰਾਂ ਅਨੁਸਾਰ ਪਟਾਕਿਆਂ ਤੋਂ ਪੈਦਾ ਹੋਣ ਵਾਲੇ ਜ਼ਹਿਰੀਲੇ ਧੂੰਏਂ ਦੇ ਨਾਲ-ਨਾਲ 80 ਡੀ. ਬੀ. ਤੋਂ ਵੱਧ ਆਵਾਜ਼ ਪ੍ਰਦੂਸ਼ਣ ਪੈਦਾ ਹੁੰਦਾ ਹੈ, ਜੋ ਬੋਲ਼ੇਪਣ ਨੂੰ ਸੱਦਾ ਦਿੰਦਾ ਹੈ ਤੇ ਇਸ ਨਾਲ ਗਰਭਵਤੀ ਔਰਤਾਂ, ਦਿਲ ਤੇ ਸਾਹ ਦੇ ਰੋਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਇਸ ਲਈ ਲੋੜ ਹੈ ਦੀਵਾਲੀ ਮੌਕੇ ਆਤਿਸ਼ਬਾਜ਼ੀ ਨੂੰ ਤਿਆਗਣ ਦੀ ਤੇ ਜ਼ਰੂਰਤ ਹੈ ਕਿ ਖੁਸ਼ੀਆਂ ਦੇ ਇਸ ਤਿਉਹਾਰ ਨੂੰ ਹਰੀ ਦੀਵਾਲੀ ਦੇ ਰੂਪ ਵਿਚ ਮਨਾਇਆ ਜਾਵੇ, ਬੂਟੇ ਵੰਡੇ ਜਾਣ, ਬੂਟੇ ਲਾਏ ਜਾਣ ਤੇ ਸਾਹਿਤਕ ਸਮੱਗਰੀ ਦਾ ਆਦਾਨ-ਪ੍ਰਦਾਨ ਹੋਵੇ।


Related News