ਦੀਵਾਲੀ ''ਤੇ ਪਟਾਕਿਆਂ ਦੇ ਸ਼ੌਰ ਤੇ ਧੂੰਆਂ ਪ੍ਰਦੂਸ਼ਣ ਨਾਲ ਪਸ਼ੂ, ਪੰਛੀ ਹੋ ਜਾਂਦੇ ਹਨ ਬੇਚੈਨ

10/18/2017 4:16:22 AM

ਲੁਧਿਆਣਾ(ਸਲੂਜਾ)-ਰੌਸ਼ਨੀਆਂ ਦੇ ਤਿਉਹਾਰ ਦੀਵਾਲੀ 'ਤੇ ਜਿਥੇ ਇਕ ਪਾਸੇ ਲੋਕ ਪਟਾਕੇ ਚਲਾ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ, ਉਥੇ ਦੂਜੇ ਪਾਸੇ ਇਨ੍ਹਾਂ ਪਟਾਕਿਆਂ ਤੋਂ ਪੈਦਾ ਹੋਣ ਵਾਲੇ ਸ਼ੌਰ ਅਤੇ ਪ੍ਰਦੂਸ਼ਣ ਨਾਲ ਪਸ਼ੂ, ਪੰਛੀ ਭੈਅਭੀਤ ਹੋ ਜਾਂਦੇ ਹਨ। ਇਹ ਖੁਲਾਸਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਜੰਗਲੀ ਜੀਵ ਸਟੱਡੀ ਸੈਂਟਰ ਦੇ ਇੰਚਾਰਜ ਡਾ. ਕੀਰਤ ਦੁਆ ਨੇ ਕਰਦਿਆਂ ਦੱਸਿਆ ਕਿ ਪਟਾਕਿਆਂ ਦਾ ਰੌਲਾ ਪਾਲਤੂ ਜਾਨਵਰਾਂ ਅਤੇ ਪੰਛੀਆਂ ਨੂੰ ਇੰਨਾ ਡਰਾ ਦਿੰਦਾ ਹੈ ਕਿ ਇਹ ਤਣਾਅ 'ਚ ਆ ਜਾਂਦੇ ਹਨ ਅਤੇ ਡਰ ਦੇ ਨਾਲ ਇਧਰ ਉਧਰ ਭੱਜਣ ਲੱਗਦੇ ਹਨ।
ਡਾਗ ਦੇ ਨੇੜੇ ਪਟਾਕੇ ਨਾ ਰੱਖੋ
ਡਾ. ਦੁਆ ਨੇ ਇਸ ਗੱਲ ਦੇ ਲਈ ਵੀ ਸੁਚੇਤ ਕੀਤਾ ਕਿ ਡਾਗ ਦੇ ਨੇੜੇ ਪਟਾਕੇ ਨਾ ਰੱਖੋ ਕਿਉਂਕਿ ਉਹ ਪਟਾਕਿਆਂ ਨੂੰ ਸੁੰਘ ਜਾਂ ਚੱਟ ਵੀ ਸਕਦਾ ਹੈ। ਜੋ ਉਸਦੇ ਲਈ ਖਤਰਨਾਕ ਹੋ ਸਕਦੇ ਹਨ। ਮਠਿਆਈਆਂ, ਪੂਜਾ ਦਾ ਸਾਮਾਨ, ਦੀਵੇ ਅਤੇ ਮੋਮਬੱਤੀਆਂ ਡਾਗ ਦੀ ਪਹੁੰਚ ਤੋਂ ਦੂਰ ਹੀ ਰੱਖੋ।
ਸ਼ਰਾਰਤੀ ਲੋਕਾਂ ਤੋਂ ਜਾਨਵਰਾਂ ਨੂੰ ਬਚਾਓ
ਦੀਵਾਲੀ ਦੇ ਦਿਨਾਂ 'ਚ ਕਈ ਇਸ ਤਰ੍ਹਾਂ ਦੇ ਮਾਮਲੇ ਵੀ ਦੇਖਣ ਨੂੰ ਮਿਲਦੇ ਹਨ ਕਿ ਕੁਝ ਸ਼ਰਾਰਤੀ ਕਿਸਮ ਦੇ ਲੋਕ ਆਵਾਰਾ ਪਸ਼ੂਆਂ ਅਤੇ ਡਾਗ ਦੀਆਂ ਪੂਛਾਂ ਨਾਲ ਪਟਾਕੇ ਬੰਨ੍ਹ ਦਿੰਦੇ ਹਨ ਜਾਂ ਫਿਰ ਗਲਤ ਢੰਗ ਅਪਣਾ ਕੇ ਜ਼ਖ਼ਮੀ ਕਰ ਦਿੰਦੇ ਹਨ।
ਡਰ ਦੇ ਮਾਰੇ ਪੰਛੀ ਵਾਪਸ ਨਹੀਂ ਆਉਂਦੇ
ਪਸ਼ੂ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਪਟਾਕਿਆਂ ਦਾ ਸ਼ੌਰ ਜ਼ਿਆਦਾ ਹੋਣ ਕਾਰਨ ਪੰਛੀ ਆਪਣੇ ਆਲ੍ਹਣਿਆਂ ਤੋਂ ਨਿਕਲ ਜਾਂਦੇ ਹਨ ਅਤੇ ਇਧਰ ਉਧਰ ਉਡਦੇ ਰਹਿੰਦੇ ਹਨ, ਰਾਤ ਦੇ ਸਮੇਂ ਘੱਟ ਦਿਖਾਈ ਦੇਣ ਕਾਰਨ ਪੰਛੀ ਘਰਾਂ, ਦਰੱਖਤਾਂ ਜਾਂ ਫਿਰ ਹੋਰ ਵਸਤੂਆਂ ਨਾਲ ਟਕਰਾਉਣ ਨਾਲ ਜ਼ਖ਼ਮੀ ਹੋ ਜਾਂਦੇ ਹਨ। ਕੁਝ ਪੰਛੀ ਤਾਂ ਉਡ ਕੇ ਇੰਨੀ ਦੂਰ ਤਕ ਚਲੇ ਜਾਂਦੇ ਹਨ ਕਿ ਉਹ ਵਾਪਸ ਆਲ੍ਹਣਿਆਂ ਤਕ ਨਹੀਂ ਪਹੁੰਚ ਪਾਉਂਦੇ। ਇਸ ਤਰ੍ਹਾਂ ਦੇ ਹਾਲਾਤ 'ਚ ਉਨ੍ਹਾਂ ਦੇ ਅੰਡੇ ਅਤੇ ਬੱਚੇ ਅਸੁਰੱਖਿਅਤ ਹੋ ਜਾਂਦੇ ਹਨ। ਇਸ ਲਈ ਸਾਨੂੰ ਸਭ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਸ਼ੌਰ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ ਜਾਵੇ।
ਆਤਿਸ਼ਬਾਜ਼ੀ ਬੰਦ ਹੋਣ 'ਤੇ ਕੀ ਕਰੀਏ
ਵੈਟਰਨਰੀ ਡਾਕਟਰਾਂ ਦਾ ਇਹ ਵੀ ਸੁਝਾਅ ਹੈ ਕਿ ਆਤਿਸ਼ਬਾਜ਼ੀ ਬੰਦ ਹੋਣ 'ਤੇ ਡਾਗ ਨੂੰ ਘਰ 'ਚ ਹੀ ਖੁੱਲ੍ਹਾ ਛੱਡ ਦਿਓ ਤਾਂ ਕਿ ਉਹ ਆਪਣੇ ਕੁਦਰਤੀ ਵਿਵਹਾਰ 'ਚ ਵਾਪਸ ਮੁੜ ਸਕੇ। ਜੇਕਰ ਕੋਈ ਐਮਰਜੈਂਸੀ ਆ ਜਾਵੇ ਤਾਂ ਤੁਸੀਂ ਫਿਰ ਬਿਨਾਂ ਕਿਸੇ ਦੇਰੀ ਦੇ ਵੈਟਰਨਰੀ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਨਾਲ ਸੰਪਰਕ ਕਰ ਸਕਦੇ ਹੋ।
ਵੈਟਰਨਰੀ ਡਾਕਟਰ ਦੀ ਜ਼ਰੂਰ ਸਲਾਹ ਲਵੋ
ਜੇਕਰ ਤੁਹਾਡਾ ਡਾਗ ਬਹੁਤ ਬੁੱਢਾ ਹੋ ਚੁੱਕਿਆ ਹੈ ਜਾਂ ਉਸਨੂੰ ਦਿਲ ਦੀ ਬੀਮਾਰ ਹੈ ਤਾਂ ਦੀਵਾਲੀ ਤੋਂ ਪਹਿਲਾਂ ਹੀ ਵੈਟਰਨਰੀ ਡਾਕਟਰ ਦੀ ਸਲਾਹ ਲਵੋ। 


Related News