ਪਟਾਕਾ ਵਪਾਰੀਆਂ ਦੀ ਦੀਵਾਲੀ ਜਾਂ ''ਦਿਵਾਲਾ'' !

10/18/2017 4:09:07 AM

ਜਗਰਾਓਂ(ਮਾਲਵਾ)-ਪਟਾਕਿਆਂ ਦਾ ਵੱਡੇ ਪੱਧਰ 'ਤੇ ਵਪਾਰ ਕਰਨ ਵਾਲੇ ਵਪਾਰੀਆਂ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ ਸੀ, ਜਦੋਂ 1 ਜੁਲਾਈ, 2017 ਨੂੰ ਕੇਂਦਰ ਸਰਕਾਰ ਵੱਲੋਂ ਜੀ. ਐੱਸ. ਟੀ. ਪ੍ਰਣਾਲੀ ਲਾਗੂ ਕੀਤੀ ਗਈ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਟਾਕਿਆਂ ਦਾ ਵਪਾਰ ਕਰਨ ਵਾਲੇ ਵੱਡੇ ਵਪਾਰੀ ਸੀਜ਼ਨ ਤੋਂ ਲੰਬਾ ਸਮਾਂ ਪਹਿਲਾਂ ਹੀ ਪਟਾਕਿਆਂ ਦੀ ਖਰੀਦ ਕਰ ਕੇ ਮਾਲ ਸਟਾਕ ਕਰ ਲੈਂਦੇ ਹਨ ਤਾਂ ਜੋ ਸੀਜ਼ਨ 'ਚ ਮੋਟੀ ਕਮਾਈ ਕੀਤੀ ਜਾ ਸਕੇ ਪਰ ਇਸ ਸਾਲ ਲਾਗੂ ਹੋਈ ਨਵੀਂ ਪ੍ਰਣਾਲੀ ਜੀ. ਐੱਸ. ਟੀ. ਨੇ ਲਗਦਾ ਪਟਾਕਾ ਵਪਾਰੀਆਂ ਨੂੰ ਮੂੱਧੇ ਮੂੰਹ ਸੁੱਟਣ ਵਾਲਾ ਕੰਮ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਵੱਲੋਂ 1 ਜੁਲਾਈ, 2017 ਤੋਂ ਪਹਿਲਾਂ ਹੀ ਜੋ ਕਰੋੜਾਂ ਰੁਪਏ ਦੀ ਲਾਗਤ 'ਚ ਪਟਾਕੇ 14 ਫ਼ੀਸਦੀ ਵੈਟ ਦੇ ਕੇ ਖਰੀਦੇ ਗਏ ਸਨ, ਉਸ ਸਮੇਂ ਉਹ ਪਟਾਕੇ ਜੀ. ਐੱਸ. ਟੀ. ਅਧੀਨ ਨਹੀਂ ਸਨ ਖਰੀਦੇ ਗਏ ਅਤੇ ਹੁਣ ਦੀਵਾਲੀ ਮੌਕੇ ਉਹੀ ਪਟਾਕੇ 28 ਫ਼ੀਸਦੀ ਅਧੀਨ ਆ ਜਾਣ ਕਾਰਨ ਉਨ੍ਹਾਂ ਕੋਲੋਂ ਖਰੀਦਣ ਵਾਲੇ ਛੋਟੇ ਵਪਾਰੀ ਉਨ੍ਹਾਂ ਪਟਾਕਿਆਂ ਦੇ ਪੱਕੇ ਬਿੱਲ ਜੀ. ਐੱਸ. ਟੀ. ਸਮੇਤ ਲੈਣ ਦੀ ਮੰਗ ਕਰ ਰਹੇ ਹਨ, ਜਿਨ੍ਹਾਂ ਨੂੰ ਦੇ ਪਾਉਣਾ ਉਨ੍ਹਾਂ ਲਈ ਵੀ ਇਕ ਅਚੰਬਾ ਬਣਿਆ ਹੋਇਆ ਹੈ, ਜੇਕਰ ਵੱਡੇ ਵਪਾਰੀ ਇਸ ਟੈਕਸ ਨੂੰ ਲਾਗੂ ਹੋਣ ਤੋਂ ਪਹਿਲਾਂ ਖਰੀਦੇ ਪਟਾਕਿਆਂ ਨੂੰ ਜੀ. ਐੱਸ. ਟੀ. ਅਧੀਨ ਬਿੱਲ ਕੱਟ ਕੇ ਵੇਚਦੇ ਹਨ ਤਾਂ ਸਹਿਜੇ ਹੀ ਇਸ 'ਦੀਵਾਲੀ' 'ਤੇ ਉਨ੍ਹਾਂ ਦਾ 'ਦਿਵਾਲਾ' ਨਿਕਲਣ ਦੀ ਪੂਰੀ ਸੰਭਾਵਨਾ ਹੈ। ਜਗਰਾਓਂ ਇਲਾਕੇ 'ਚ ਪਟਾਕਾ ਵਪਾਰੀਆਂ ਨੂੰ ਲਾਇਸੈਂਸ ਨਾ ਮਿਲਣ ਕਾਰਨ ਵੀ ਹੱਥਾਂ-ਪੈਰਾਂ ਦੀ ਪਈ ਹੋਈ ਹੈ, ਜੇਕਰ ਪ੍ਰਸ਼ਾਸਨ ਵੱਲੋਂ ਲਾਇਸੈਂਸ ਨਾ ਦਿੱਤੇ ਗਏ ਤਾਂ ਪਟਾਕਾ ਵਪਾਰੀਆਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਡੀ. ਸੀ. ਦਫ਼ਤਰ ਤੋਂ ਨਹੀਂ ਬਣ ਰਹੇ ਲਾਇਸੈਂਸ : ਦੁਕਾਨਦਾਰ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਰਾਓਂ ਅਧੀਨ ਪਟਾਕਾ ਵੇਚਣ ਵਾਲਿਆਂ ਦਾ ਬੁਰਾ ਹਾਲ ਹੋਇਆ ਪਿਆ ਜਾਪਦਾ ਹੈ। ਦੀਵਾਲੀ ਨੂੰ ਭਾਵੇਂ ਇਕ ਦਿਨ ਹੀ ਬਾਕੀ ਰਹਿ ਗਿਆ ਹੈ ਪਰ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਵੱਲੋਂ ਪਟਾਕਾ ਵੇਚਣ ਲਈ ਜਾਰੀ ਕੀਤੇ ਜਾਣ ਵਾਲੇ ਲਾਇਸੈਂਸ ਅਜੇ ਤੱਕ ਜਿਵੇਂ ਦੇ ਤਿਵੇਂ ਹੀ ਲਟਕ ਰਹੇ ਹਨ। ਜਗਰਾਓਂ ਦੇ ਇਕ ਵਪਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਡੀ. ਸੀ. ਦਫ਼ਤਰ 'ਚ ਰੋਜ਼ਾਨਾ ਗੇੜੇ ਤਾਂ ਮਾਰ ਰਹੇ ਹਨ ਪਰ ਅਜੇ ਤੱਕ ਸਾਨੂੰ ਲਾਇਸੈਂਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਸ ਨੇ ਕਿਹਾ ਕਿ ਦੀਵਾਲੀ ਨੂੰ ਇਕ ਦਿਨ ਹੀ ਬਾਕੀ ਰਹਿ ਗਿਆ ਹੈ ਅਤੇ ਸਾਨੂੰ ਪਟਾਕੇ ਵੇਚਣ ਲਈ ਕੋਈ ਆਗਿਆ ਨਹੀਂ ਮਿਲ ਰਹੀ।


Related News